ਫਰੀਦਕੋਟ:ਦੁਨੀਆਂ-ਭਰ ਦੇ ਸੰਗੀਤ ਗਲਿਆਰਿਆ ਵਿੱਚ ਧੁੰਮਾਂ ਪਾ ਰਹੇ ਦਿਲਜੀਤ ਦੁਸਾਂਝ ਇੰਨੀ ਦਿਨੀਂ ਦਿਲ ਲੂਮਿਨਾਟੀ ਟੂਰ ਕਰਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਟੂਰ ਵਿਚਾਲੇ ਹੁਣ ਗਾਇਕ ਅਪਣੀ ਨਵੀਂ ਅਤੇ ਬਹੁ-ਚਰਚਿਤ ਐਲਬਮ 'ਲੀਗੇਸੀ' ਨੂੰ ਲੈ ਕੇ ਵੀ ਸੁਰਖੀਆਂ ਬਟੌਰ ਰਹੇ ਹਨ। ਉਨ੍ਹਾਂ ਵੱਲੋਂ ਇਸ ਪ੍ਰੋਜੋਕਟ ਸਬੰਧਤ ਅਪਣੇ ਇੱਕ ਨਵੇਂ ਸੰਗ਼ੀਤਕ ਵੀਡੀਓ 'ਡੋਨ' ਦਾ ਲੁੱਕ ਅੱਜ ਰਿਵੀਲ ਕਰ ਦਿੱਤਾ ਗਿਆ ਹੈ। ਇਸ ਗਾਣੇ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ।
'ਦਿਲ-ਲੂਮੀਨਾਟੀ ਟੂਰ' ਦੌਰਾਨ ਹੀ ਬੀਤੇ ਦਿਨਾਂ 'ਚ ਐਲਾਨੀ ਗਈ ਇਸ ਐਲਬਮ ਨੂੰ ਦਿਲਜੀਤ ਦੁਸਾਂਝ ਵੱਲੋ ਬਹੁਤ ਹੀ ਵੱਡੇ ਪੱਧਰ 'ਤੇ ਸੰਗੀਤਕ ਮਾਰਕੀਟ ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਇਸ ਸਬੰਧਤ ਵੱਖ-ਵੱਖ ਮਿਊਜ਼ਿਕ ਵੀਡੀਓਜ਼ ਦੇ ਫ਼ਿਲਮਾਂਕਣ ਨੂੰ ਵੀ ਜੋਰਾਂ ਸ਼ੋਰਾਂ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹਾਲ ਹੀ ਵਿੱਚ ਜਾਰੀ ਕੀਤੀ ਅਪਣੀ ਐਲਬਮ 'ਘੋਸਟ' ਨੂੰ ਲੈ ਕੇ ਛਾਏ ਗਾਇਕ ਦਿਲਜੀਤ ਦੁਸਾਂਝ ਦੀ ਨਵੀਂ ਐਲਬਮ ਦਾ ਸੰਗੀਤ ਬੇਹੱਦ ਉਚ ਪੱਧਰੀ ਸੰਗ਼ੀਤਕ ਸੁਮੇਲਤਾ ਅਧੀਨ ਤਿਆਰ ਕੀਤਾ ਜਾ ਰਿਹਾ ਹੈ।
ਦੇਸ਼ ਵਿਦੇਸ਼ ਵਿੱਚ ਪੰਜਾਬੀ ਗਾਇਕੀ ਨੂੰ ਹੋਰ ਵਿਸ਼ਾਲਤਾ ਦੇਣ ਜਾ ਰਹੀ ਇਸ ਐਲਬਮ ਦਾ ਪੂਰਨ ਮੁਹਾਂਦਰਾ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ ਹੈ ਪਰ ਮਿਲੀ ਜਾਣਕਾਰੀ ਅਨੁਸਾਰ ਇਸ ਨੂੰ ਕਿਸੇ ਵੀ ਸਮੇਂ ਸੰਗੀਤ ਪ੍ਰੇਮੀਆਂ ਸਨਮੁੱਖ ਕੀਤਾ ਜਾ ਸਕਦਾ ਹੈ।