ਚੰਡੀਗੜ੍ਹ: ਕੈਨੇਡਾ-ਅਮਰੀਕਾ ਦੀ ਸੁਪਰ ਸਫਲਤਾ ਦੇ ਬਾਅਦ ਇੰਟਰਨੈਸ਼ਨਲ ਸਟਾਰ ਗਾਇਕ ਦਾ ਰੁਤਬਾ ਹਾਸਿਲ ਕਰ ਚੁੱਕੇ ਹਨ ਦਿਲਜੀਤ ਦੁਸਾਂਝ, ਜੋ ਹੁਣ ਯੂਰਪੀ ਖਿੱਤੇ ਵਿੱਚ ਧੂੰਮ ਮਚਾਉਣ ਜਾ ਰਹੇ ਹਨ, ਜਿਥੋਂ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਪੰਨ ਹੋਣ ਜਾ ਰਹੇ ਮੇਘਾ ਕੰਸਰਟ ਦੀ ਰੂਪ ਰੇਖਾ ਦਾ ਉਨ੍ਹਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ।
'ਦਿਲ-ਲੂਮਿਨਾਤੀ' ਟਾਈਟਲ ਅਧੀਨ ਜਾਰੀ ਉਕਤ ਸ਼ੋਅਜ਼ ਲੜੀ ਦੇ ਮੱਦੇਨਜ਼ਰ ਯੂਕੇ ਅਤੇ ਯੂਰਪ ਵਿਖੇ ਹੋਣ ਜਾ ਰਹੇ ਇੰਨ੍ਹਾਂ ਕੰਸਰਟ ਦੀ ਸ਼ੁਰੂਆਤ ਸਤੰਬਰ ਮਿਡ ਵਿੱਚ ਹੋਵੇਗੀ, ਜੋ ਅਕਤੂਬਰ ਮਿਡ ਤੱਕ ਜਾਰੀ ਰਹਿਣਗੇ। ਗ੍ਰੈਂਡ ਪੱਧਰ ਉੱਪਰ ਪੇਸ਼ ਕੀਤੇ ਜਾਣ ਵਾਲੇ ਇੰਨ੍ਹਾਂ ਆਲੀਸ਼ਾਨ ਸ਼ੋਅਜ਼ ਦੀਆਂ ਸਾਹਮਣੇ ਆਈਆਂ ਤਾਰੀਖਾਂ ਅਨੁਸਾਰ 19 ਸਤੰਬਰ ਨੂੰ ਪੈਰਿਸ (ਫਰਾਂਸ), 22 ਸਤੰਬਰ ਬਰਮਿੰਘਮ, 26 ਸਤੰਬਰ ਗਲਾਸਗੋ, 28 ਸਤੰਬਰ ਮਾਨਚੈਸਟਰ, 02 ਅਕਤੂਬਰ ਡਬਲਿਨ, ਆਇਰਲੈਂਡ, 04 ਅਕਤੂਬਰ ਲੰਦਨ, 09 ਅਕਤੂਬਰ ਡੁਸਲਡੋਰਫ, ਜਰਮਨੀ 11 ਅਕਤੂਬਰ ਐਮਸਟਰਡਮ, ਨੀਦਰਲੈਂਡ ਵਿਖੇ ਇਹ ਵਿਸ਼ਾਲ ਸੋਅਜ਼ ਕਰਵਾਏ ਜਾਣਗੇ, ਜਿਸ ਸੰਬੰਧਤ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ।