ਲੁਧਿਆਣਾ:ਬਾਲੀਵੁੱਡ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ 31 ਦਸੰਬਰ ਨੂੰ ਲੁਧਿਆਣਾ ਦੇ ਪੀਏਯੂ ਵਿਖੇ ਲਾਈਵ ਸ਼ੋ ਕਰਨ ਜਾ ਰਹੇ ਹਨ। ਵਿਦੇਸ਼ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਤੇ ਫਿਰ ਚੰਡੀਗੜ੍ਹ ਵਿੱਚ ਦਿਲ-ਲੁਮਿਨਾਟੀ ਕੰਸਰਟ ਕੀਤਾ ਸੀ। ਇਸ ਤੋਂ ਬਾਅਦ ਹੁਣ ਉਹ ਆਪਣਾ ਸਾਲ ਦਾ ਆਖਰੀ ਕੰਸਰਟ ਲੁਧਿਆਣਾ 'ਚ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਲੁਧਿਆਣਾ ਦਿਲਜੀਤ ਦੁਸਾਂਝ ਦਾ ਜਨਮ ਸਥਾਨ ਹੈ। ਲੁਧਿਆਣਾ ਤੋਂ ਹੀ ਆਪਣੇ ਭਵਿੱਖ ਦੀ ਸ਼ੁਰੂਆਤ ਦਿਲਜੀਤ ਨੇ ਕੀਤੀ ਸੀ। ਇਸ ਕਰਕੇ ਇਸ ਸ਼ੋਅ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਸ਼ੋਅ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਡ ਮੈਦਾਨ ਵਿੱਚ ਕਰਵਾਇਆ ਜਾ ਰਿਹਾ ਹੈ, ਜਿੱਥੇ ਤਿਆਰੀਆਂ ਜੋਰਾ ਸ਼ੋਰਾਂ ਨਾਲ ਚੱਲ ਰਹੀਆਂ ਹਨ।
ਦਿਲਜੀਤ ਦੀ ਟੀਮ ਵੱਲੋਂ ਇਸ ਸਬੰਧੀ ਅੱਜ ਲੁਧਿਆਣਾ ਪੁਲਿਸ ਨਾਲ ਮੀਟਿੰਗ ਵੀ ਕੀਤੀ ਗਈ ਹੈ। 31 ਦਸੰਬਰ ਨੂੰ ਹੋਣ ਵਾਲੇ ਦਿਲਜੀਤ ਦੁਸਾਂਝ ਦੇ ਸ਼ੋਅ ਦੌਰਾਨ 30 ਤੋਂ 40 ਹਜਾਰ ਲੋਕਾਂ ਦਾ ਇਕੱਠ ਦੇਖਣ ਨੂੰ ਮਿਲੇਗਾ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਰੂਟ ਡਾਈਵਰਟ ਪਹਿਲਾਂ ਤੋਂ ਹੀ ਪਲੈਨਿੰਗ ਕੀਤੀ ਜਾ ਰਹੀ ਹੈ।