ਅੰਮ੍ਰਿਤਸਰ: ਭਾਜਪਾ ਆਗੂ ਅਤੇ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੂੰਚੇ। ਜਿੱਥੇ ਉਨ੍ਹਾਂ ਨੇ ਗੁਰੂ ਘਰ ਸੀਸ ਝੁਕਾ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਹਾਲਾਂਕਿ ਇਸ ਮੌਕੇ ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਸਿਆਸੀ ਬਿਆਨ ਤੋਂ ਗੁਰੇਜ਼ ਕੀਤਾ। ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ "ਮੈਂ ਮੰਤਰੀ ਮੰਡਲ ਵਿੱਚ ਅਹੁਦਾ ਸੰਭਾਲਨ ਤੋਂ ਪਹਿਲਾਂ ਮਾਲਕ ਦਾ ਧੰਨਵਾਦ ਕਰਨ ਸ੍ਰੀ ਦਰਬਾਰ ਸਾਹਿਬ ਆਇਆ ਹਾਂ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਹਾਂ ਕਿ ਮੈਂਨੂੰ ਇਨਾਂ ਮਾਨ ਬਖਸ਼ਿਆ ਅਤੇ ਵਜਾਰਤ ਵਿੱਚ ਥਾਂ ਮਿਲੀ, ਮੈਂ ਇਸ ਸਮੇਂ ਕੋਈ ਵੀ ਸਿਆਸੀ ਗੱਲ ਨਹੀਂ ਕਰਾਂਗਾ।"
ਦਿੱਲੀ 'ਚ 27 ਸਾਲ ਬਾਅਦ ਆਈ ਭਾਜਪਾ
ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਵਿੱਚ ਭਾਜਪਾ ਪਾਰਟੀ ਵੱਲੋਂ ਜਿੱਤ ਹਾਸਿਲ ਕਰ ਸਰਕਾਰ ਬਣਾਉਣ ਤੋਂ ਬਾਅਦ ਮਨਜਿੰਦਰ ਸਿਰਸਾ ਨੂੰ ਕੈਬਿਨਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਜਿਸ ਦੇ ਚਲਦੇ ਮਨਜਿੰਦਰ ਸਿਰਸਾ ਅੱਜ ਗੁਰੂ ਘਰ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ ਸਨ। ਖਾਸ ਗੱਲ ਇਹ ਵੀ ਹੈ ਕਿ ਦਿੱਲੀ ਚੋਣਾਂ ਵਿੱਚ ਇਸ ਵਾਰ ਪੰਜਾਬੀ ਭਾਈਚਾਰਾ ਅਤੇ ਸਿੱਖ ਚਿਹਰਾ ਅਹਿਮ ਰੱਖਿਆ ਗਿਆ ਅਤੇ ਭਾਜਪਾ ਨੇ ਸਿੱਖ ਵੋਟ 'ਤੇ ਦਾਅ ਖੇਢਿਆ ਅਤੇ ਸਫਲ ਹੋਈ। ਇਸ ਨਾਲ ਹੀ 27 ਸਾਲ ਬਾਅਦ ਦਿੱਲੀ 'ਚ ਕਾਬਜ਼ ਹੋਈ ਭਾਜਪਾ ਵੱਲੋਂ ਜਲਦ ਹੀ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਸਬੰਧੀ ਬਿਤੇ ਦਿਨੀਂ ਹੀ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਮੀਟਿੰਗ ਵੀ ਸੱਦੀ ਗਈ।