ਚੰਡੀਗੜ੍ਹ:ਸ਼ਾਨਦਾਰ ਲੇਖਕ ਅਤੇ ਨਿਰਦੇਸ਼ਕ ਜਗਦੀਪ ਸਿੱਧੂ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਰਿਲੀਜ਼ ਹੁੰਦੇ ਹੀ ਪ੍ਰਸ਼ੰਸਕਾਂ ਦੇ ਦਿਲਾਂ ਉਤੇ ਛਾਅ ਗਈ ਹੈ। ਪਹਿਲਾਂ ਇਸ ਫਿਲਮ ਦੇ ਦੋ ਭਾਗ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਦਿੱਤਾ ਸੀ। ਹੁਣ ਫਿਲਮ ਦੇ ਤੀਜੇ ਭਾਗ ਵਿੱਚ ਇੱਕ ਵਾਰ ਫਿਰ ਦਿਲਜੀਤ ਅਤੇ ਨੀਰੂ ਦੀ ਕੈਮਿਸਟਰੀ ਨੇ ਪ੍ਰਸ਼ੰਸਕਾਂ ਨੂੰ ਮੋਹ ਲਿਆ ਹੈ।
ਸੈਕਨਿਲਕ ਦੀ ਰਿਪੋਰਟ ਅਨੁਸਾਰ ਜੇਕਰ ਫਿਲਮ ਦੇ ਪਹਿਲੇ ਦਿਨ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ ਭਾਰਤ ਵਿੱਚ 3.50 ਕਰੋੜ ਰੁਪਏ ਨਾਲ ਸ਼ੁਰੂਆਤ ਕੀਤੀ ਹੈ, ਇਸ ਕਮਾਈ ਨਾਲ 'ਜੱਟ ਐਂਡ ਜੂਲੀਅਟ 3' ਨੇ ਪਹਿਲੇ ਦਿਨ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਪਾਲੀਵੁੱਡ ਫਿਲਮਾਂ ਵਿੱਚ ਦੂਜਾ ਸਥਾਨ ਹਾਸਿਲ ਕਰ ਲਿਆ ਹੈ। ਇਸ ਤੋਂ ਪਹਿਲਾਂ 'ਕੈਰੀ ਆਨ ਜੱਟਾ 3' ਹੈ, ਜਿਸ ਨੇ ਪਹਿਲੇ ਦਿਨ ਭਾਰਤ ਵਿੱਚ 4.55 ਕਰੋੜ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ 'ਜੱਟ ਐਂਡ ਜੂਲੀਅਟ 3' ਨੇ ਪੂਰੀ ਦੁਨੀਆਂ ਵਿੱਚ 8 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ।