ਚੰਡੀਗੜ੍ਹ:ਟੈਲੀਵਿਜ਼ਨ ਦੀ ਦੁਨੀਆਂ ਵਿੱਚ ਲੰਮਾ-ਸਮਾਂ ਅਪਣੀ ਸਰਦਾਰੀ ਕਾਇਮ ਰੱਖਣ ਵਿੱਚ ਸਫ਼ਲ ਰਿਹਾ ਹੈ ਜਲੰਧਰ ਦੂਰਦਰਸ਼ਨ, ਜੋ ਹੁਣ ਡੀ.ਡੀ. ਪੰਜਾਬੀ ਦੇ ਰੂਪ ਵਿੱਚ ਮੁੜ ਪੁਰਾਣੀ ਧੱਕ ਕਾਇਮ ਕਰਨ ਵੱਲ ਯਤਨਸ਼ੀਲ ਹੋ ਚੁੱਕਿਆ ਹੈ, ਜਿਸ ਸੰਬੰਧਤ ਵਿੱਢੀਆਂ ਜਾ ਰਹੀਆਂ ਕੋਸ਼ਿਸ਼ਾਂ ਸਵਰੂਪ ਹੀ ਸਾਹਮਣੇ ਆਉਣ ਜਾ ਰਹੀ ਹੈ ਕਾਮੇਡੀ ਸੀਰੀਜ਼ 'ਕੈਰੀ ਆਨ ਖਬਰਾਂ', ਜਿਸ ਦਾ ਪ੍ਰਸਾਰਣ ਜਲਦ ਹੀ ਸ਼ੂਰੂ ਹੋਣ ਜਾ ਰਿਹਾ ਹੈ।
ਦੂਰਦਰਸ਼ਨ ਵੱਲੋਂ ਵੱਡੇ ਪੱਧਰ ਅਧੀਨ ਤਿਆਰ ਕੀਤੀ ਗਈ ਉਕਤ ਹਾਸ-ਰਸ ਸੀਰੀਜ਼ ਦੀ ਸ਼ੂਟਿੰਗ ਸੰਪੂਰਨ ਕਰ ਲਈ ਗਈ ਹੈ, ਜਿਸ ਵਿੱਚ ਮਸ਼ਹੂਰ ਕਾਮੇਡੀ ਅਦਾਕਾਰ ਮਿੰਟੂ ਲੀਡਿੰਗ ਕਿਰਦਾਰ ਵਿੱਚ ਹਨ, ਜਿੰਨ੍ਹਾਂ ਤੋਂ ਇਲਾਵਾ ਸੁਖਪਾਲ, ਤਾਨਿਆ ਮਹਾਜਨ ਅਤੇ ਹੋਰ ਕਈ ਮੰਝੇ ਹੋਏ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰੀ ਪੈਣਗੇ।
ਜਲੰਧਰ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਕਾਮੇਡੀ ਅਤੇ ਡ੍ਰਾਮੈਟਿਕ ਸੀਰੀਜ਼ ਵਿੱਚ ਕਾਫ਼ੀ ਅਲਹਦਾ ਰੋਲ ਵਿੱਚ ਵਿਖਾਈ ਦੇਣਗੇ ਅਦਾਕਾਰ ਮਿੰਟੂ, ਜਿੰਨ੍ਹਾਂ ਅਨੁਸਾਰ ਸਾਫ-ਸੁਥਰੀ ਕਾਮੇਡੀ ਸੀਰੀਜ਼ ਦੇ ਤੌਰ ਉਤੇ ਸਾਹਮਣੇ ਲਿਆਂਦੇ ਜਾ ਰਹੇ ਇਸ ਪ੍ਰੋਜੈਕਟ ਨੂੰ ਬੇਹੱਦ ਉੱਚ ਪੱਧਰੀ ਮਾਪਦੰਢਾਂ ਅਧੀਨ ਤਿਆਰ ਕੀਤਾ ਗਿਆ ਹੈ, ਜਿਸ ਦੇ ਜੇਕਰ ਕੰਟੈਂਟ ਦੀ ਗੱਲ ਕੀਤੀ ਜਾਵੇ ਤਾਂ ਟੀਆਰਪੀ ਦੀ ਲਾਲਸਾ ਵਿੱਚ ਝੂਠੀਆਂ ਅਤੇ ਚਰਚਿਤ ਖਬਰਾਂ ਫੈਲਾਉਣ ਵਾਲਿਆਂ ਦੇ ਮੱਕੜਜਾਲ ਨੂੰ ਹੀ ਦਰਸਾਉਣ ਦੀ ਕੋਸ਼ਿਸ਼ ਇਸ ਦੁਆਰਾ ਕੀਤੀ ਗਈ ਹੈ, ਜੋ ਇਸ ਖਿੱਤੇ ਵਿੱਚ ਨਾਂਹਪੱਖੀ ਭੂਮਿਕਾਵਾਂ ਨਿਭਾਉਣ ਵਾਲਿਆਂ ਖਿਲਾਫ਼ ਤੰਜ ਵੀ ਕਸੇਗੀ।
ਲਘੂ ਫਿਲਮਾਂ, ਵੈੱਬ ਸੀਰੀਜ਼ ਤੋਂ ਬਾਅਦ ਹੁਣ ਸਿਨੇਮਾ ਖੇਤਰ ਵਿੱਚ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੇ ਅਦਾਕਾਰ ਮਿੰਟੂ ਦੀ ਇਸ ਸੀਰੀਜ਼ ਵਿਚਲੀ ਭੂਮਿਕਾ ਨੂੰ ਲੈ ਗੱਲ ਕੀਤੀ ਗਈ ਤਾਂ ਇਸ ਪ੍ਰਤਿਭਾਵਾਨ ਅਦਾਕਾਰ ਨੇ ਦੱਸਿਆ 'ਕਾਫ਼ੀ ਚੈਲੇਜਿੰਗ ਕਿਰਦਾਰ ਅਦਾ ਕਰਨ ਦਾ ਅਵਸਰ ਇਸ ਵਿੱਚ ਮਿਲਿਆ ਹੈ, ਜੋ ਹੁਣ ਤੱਕ ਅੰਜ਼ਾਮ ਦਿੱਤੇ ਰੋਲਜ਼ ਨਾਲੋਂ ਬਿਲਕੁੱਲ ਅਲਹਦਾ ਹੱਟ ਕੇ ਹੈ, ਉਮੀਦ ਕਰਦਾ ਹਾਂ ਕਿ ਇਹ ਸੀਰੀਜ਼ ਅਤੇ ਕਿਰਦਾਰ ਦਰਸ਼ਕਾਂ ਨੂੰ ਪਸੰਦ ਆਵੇਗਾ।'
ਹਾਲ ਹੀ ਵਿੱਚ ਪ੍ਰਸਾਰਿਤ ਹੋਈ ਅਤੇ ਲੋਕਪ੍ਰਿਯ ਰਹੀ ਸੀਰੀਜ਼ 'ਫੌਜੀ ਚਾਚੇ ਦਾ ਪੀਜੀ' ਦਾ ਪ੍ਰਭਾਵੀ ਹਿੱਸਾ ਰਹੇ ਨਿਰਦੇਸ਼ਕ ਪੁਨੀਤ ਸਹਿਗਲ ਵੱਲੋਂ ਹੀ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਸੀਰੀਜ਼, ਜਿਸ ਦਾ ਪ੍ਰਸਾਰਣ ਅਗਸਤ ਐਂਡ ਤੋਂ ਡੀ.ਡੀ. ਪੰਜਾਬੀ ਦੇ ਪ੍ਰਾਈਮ ਟਾਈਮ ਸਲਾਟ ਉਤੇ ਹਰ ਰੋਜ਼ ਹੋਵੇਗਾ।