ਚੰਡੀਗੜ੍ਹ:ਬਾਲੀਵੁੱਡ ਗਲਿਆਰਿਆਂ ਵਿੱਚ ਬਤੌਰ ਸਟੈਂਡਅੱਪ ਕਾਮੇਡੀਅਨ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਕਾਮੇਡੀਅਨ ਜਸਵੰਤ ਰਾਠੌਰ, ਜੋ ਮੁੰਬਈ ਅਤੇ ਵਿਦੇਸ਼ਾਂ ਤੋਂ ਬਾਅਦ ਹੁਣ ਦੇਸ਼-ਭਰ ਵਿੱਚ ਵੀ ਅਪਣੀ ਸਟੈਂਡਅੱਪ ਕਾਮੇਡੀ ਸੋਅਜ਼ ਲੜੀ 'ਵੀਸੀਆਰ ਟੂ ਪੀਵੀਆਰ ਬਾਏ ਜੇਸੀਆਰ' ਦਾ ਆਗਾਜ਼ ਕਰਨ ਜਾ ਰਹੇ ਹਨ, ਜਿਸ ਦੀ ਰਸਮੀ ਸ਼ੁਰੂਆਤ ਉਹ ਪੰਜਾਬ ਵਿਚਲੇ ਅਪਣੇ ਜੱਦੀ ਜ਼ਿਲ੍ਹੇ ਲੁਧਿਅਣਾ ਤੋਂ 22 ਜੂਨ ਨੂੰ ਕਰਨਗੇ।
ਛੋਟੇ ਪਰਦੇ ਤੋਂ ਲੈ ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਪੜਾਅ ਦਰ ਪੜਾਅ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ ਇਹ ਬਹੁ-ਪੱਖੀ ਕਲਾਕਾਰ, ਜਿੰਨ੍ਹਾਂ ਉਕਤ ਸ਼ੋਅਜ਼ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚਾਹੁੰਣ ਵਾਲਿਆਂ ਦੇ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਕਰਦਿਆਂ ਆਪਣੀ ਟੀਮ ਦੇ ਨਾਲ, ਭਾਰਤ ਦੇ ਹਰ ਸ਼ਹਿਰ ਵਿੱਚ ਦੋ ਘੰਟੇ ਦਾ ਨੌਨ-ਸਟੌਪ ਲਾਈਵ ਸਟੈਂਡਅੱਪ ਕਾਮੇਡੀ ਸ਼ੋਅ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਸੰਬੰਧਤ ਪਹਿਲਾਂ ਸ਼ੋਅ ਉਸੇ ਥਾਂ ਤੋਂ ਸ਼ੁਰੂ ਕਰ ਰਿਹਾ ਹਾਂ ਜਿੱਥੋਂ ਮੈਂ ਅਪਣੇ ਮੁੱਢਲੇ ਸਫ਼ਰ ਨੂੰ ਸ਼ੁਰੂ ਕੀਤਾ ਸੀ, ਯਾਨੀ ਕਿ ਲੁਧਿਆਣਾ।
ਹਾਲ ਹੀ ਦੇ ਦਿਨਾਂ ਵਿੱਚ ਵੱਡੀ ਅਤੇ ਬਹੁ ਚਰਚਿਤ ਹਿੰਦੀ ਫਿਲਮ 'ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ' ਦਾ ਵੀ ਮਹੱਤਵਪੂਰਨ ਹਿੱਸਾ ਬਣਾਏ ਗਏ ਹਨ ਇਹ ਬਿਹਤਰੀਨ ਕਾਮੇਡੀਅਨ, ਜਿੰਨ੍ਹਾਂ ਅਨੁਸਾਰ 'ਡ੍ਰੀਮ ਗਰਲ', 'ਡ੍ਰੀਮ ਗਰਲ 2' ਜਿਹੀਆਂ ਕਈ ਸ਼ਾਨਦਾਰ ਫਿਲਮਾਂ ਦਾ ਲੇਖਣ ਅਤੇ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਰਾਜ ਸ਼ਾਂਡਾਂਲਿਆ ਦੀ ਉਕਤ ਨਵੀਂ ਫਿਲਮ ਨਾਲ ਜੁੜਨਾ ਉਨ੍ਹਾਂ ਲਈ ਕਿਸੇ ਵੱਡੀ ਪ੍ਰਾਪਤੀ ਦੇ ਹਾਸਿਲ ਕਰਨ ਵਾਂਗ ਰਿਹਾ ਹੈ।
'ਦਿ ਕਪਿਲ ਸ਼ਰਮਾ ਸ਼ੋਅ' ਤੋਂ ਲੈ ਕੇ ਕਈ ਲੋਕਪ੍ਰਿਯ ਟੀਵੀ ਸ਼ੋਅਜ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ ਕਾਮੇਡੀਅਨ ਜਸਵੰਤ ਸਿੰਘ ਰਾਠੌਰ, ਜਿੰਨ੍ਹਾਂ ਉਕਤ ਸ਼ੋਅ ਦੀ ਰੂਪ-ਰੇਖਾ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵੀਸੀਆਰ ਦੇ ਯੁੱਗ ਤੋਂ ਲੈ ਕੇ ਪੀਵੀਆਰ ਦੇ ਯੁੱਗ ਤੱਕ ਮੰਨੋਰੰਜਨ ਦੇ ਸਾਧਨਾਂ ਅਤੇ ਸਿਨੇਮਾ ਢਾਂਚੇ ਵਿੱਚ ਬੇਹੱਦ ਤਬਦੀਲੀਆਂ ਵੇਖਣ ਨੂੰ ਮਿਲੀਆਂ ਹਨ, ਜਿੰਨ੍ਹਾਂ ਨੂੰ ਦਿਲਚਸਪ ਅਤੇ ਹਾਸਰਸ ਰੂਪ ਵਿੱਚ ਪ੍ਰਤੀਬਿੰਬ ਕਰਨਗੇ ਇਹ ਸ਼ੋਅਜ, ਜਿਸ ਨੂੰ ਲੈ ਕੇ ਦਰਸ਼ਕਾਂ ਵਿੱਚ ਵੀ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ।
ਪੰਜਾਬ ਤੋਂ ਲੈ ਕੇ ਗਲੈਮਰ ਦੀ ਦੁਨੀਆਂ ਮੁੰਬਈ ਵਿੱਚ ਆਪਣੀ ਬਹੁ-ਆਯਾਮੀ ਕਲਾ ਦਾ ਬਾਖੂਬੀ ਲੋਹਾ ਮੰਨਵਾਉਣ ਵਿਚ ਸਫ਼ਲ ਰਹੇ ਹਨ ਇਹ ਬਾਕਮਾਲ ਅਦਾਕਾਰ, ਜਿੰਨ੍ਹਾਂ ਦੇ ਮੌਜੂਦਾ ਵਰਕਫਰੰਟ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਕਈ ਹੋਰ ਹਿੰਦੀ ਅਤੇ ਪੰਜਾਬੀ ਫਿਲਮਾਂ ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਵਿੱਚ ਕਾਫ਼ੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ।