ਲੁਧਿਆਣਾ: ਬੁੱਢੇ ਨਾਲੇ ਦੀ ਸਮੱਸਿਆ ਹੱਲ ਹੋਣ ਦਾ ਨਾਂ ਨਹੀਂ ਲੈ ਰਹੀ ਹੈ। 650 ਕਰੋੜ ਲਾਉਣ ਦੇ ਬਾਵਜੂਦ ਹਾਲਾਤ ਨਹੀਂ ਸੁਧਰੇ, ਜਿਸ ਕਰਕੇ ਰਾਜਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਖੁਦ ਹੁਣ ਆਪਣੀ ਟੀਮ ਦੇ ਨਾਲ ਬੁੱਢੇ ਨਾਲੇ ਦੇ ਵਿੱਚ ਉਤਰੇ ਹਨ।
ਪੰਪ ਬਣਾਉਣ ਦਾ ਕੰਮ ਸ਼ੁਰੂ
ਲੁਧਿਆਣਾ ਦੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਗਊ ਘਾਟ ਵਿਖੇ ਬੁੱਢੇ ਨਾਲੇ ਦੇ ਉੱਤੇ ਪੰਪ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਇਹ ਸਾਰਾ ਕੰਮ ਉਹ ਖੁਦ ਕਰ ਰਹੇ ਹਨ, ਖੁਦ ਮਸ਼ੀਨਾਂ ਚਲਾ ਰਹੇ ਹਨ ਅਤੇ ਖੁਦ ਹੀ ਉਹਨਾਂ ਦੀ ਟੀਮ ਇਸ ਦਾ ਪੂਰਾ ਖਰਚਾ ਚੁੱਕ ਰਹੀ ਹੈ। ਸਾਡੀ ਟੀਮ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ। ਸੰਤ ਬਲਵੀਰ ਸਿੰਘ ਸੀਚੇਵਾਲ ਨਾਲ ਗੱਲ ਵੀ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੁੱਢੇ ਨਾਲੇ ਦੀ ਸਫਾਈ ਲਈ ਉਹ ਵਚਨਬੱਧ ਹਨ, ਪਰ ਸਾਡੇ ਤੋਂ ਇਹ ਪਾਪ ਜਰੂਰ ਹੋਇਆ ਹੈ ਕਿ ਇਸ ਨੂੰ ਅਸੀਂ ਹਾਲੇ ਤੱਕ ਸਾਫ ਨਹੀਂ ਕਰ ਸਕੇ ਅਤੇ ਇਸ ਲਈ ਉਹ ਇਸ ਦੀ ਸੇਵਾ ਵਿੱਚ ਲੱਗੇ ਹੋਏ ਹਨ।
650 ਕਰੋੜ ਦਾ ਜੋ ਪ੍ਰੋਜੈਕਟ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ 650 ਕਰੋੜ ਦਾ ਜੋ ਪ੍ਰੋਜੈਕਟ ਆਇਆ ਸੀ ਉਸ ਨਾਲ ਪਾਣੀ ਦੇ ਟ੍ਰੀਟਮੈਂਟ ਪਲਾਂਟ ਬਣਾਏ ਗਏ ਹਨ, ਜਿਨ੍ਹਾਂ ਨੂੰ ਫੰਕਸ਼ਨ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਥਾਂ ਉੱਤੇ ਪਾਣੀ ਸਿੱਧਾ ਬੁੱਢੇ ਨਾਲੇ ਦੇ ਵਿੱਚ ਪੈ ਰਿਹਾ ਸੀ ਇਥੇ ਸਾਡੇ ਵੱਲੋਂ ਤਿੰਨ ਮੋਟਰਾਂ ਲਗਾ ਕੇ ਪੰਪ ਬਣਾਇਆ ਜਾ ਰਿਹਾ ਹੈ ਜੋ ਪਾਣੀ ਨੂੰ ਪਾਈਪਾਂ ਦੇ ਰਾਹੀਂ ਸਿੱਧਾ 225 ਐਮਐਲਡੀ ਟ੍ਰੀਟਮੈਂਟ ਪਲਾਂਟ ਉੱਤੇ ਪਹੁੰਚ ਜਾਵੇਗਾ। ਉਹਨਾਂ ਕਿਹਾ ਕਿ ਇਸ ਨਾਲ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਵੱਡਾ ਹੱਲ ਹੋਵੇਗਾ। ਇਹ ਇੱਕ ਛੋਟੀ ਜਿਹੀ ਸੇਵਾ ਹੈ ਜਿਸ ਵਿੱਚ ਲਗਾਤਾਰ ਅਸੀਂ ਲੱਗੇ ਹੋਏ ਹਾਂ। ਸਾਡਾ ਮੁੱਖ ਕੰਮ ਹੈ ਕਿ ਬੁੱਢੇ ਨਾਲੇ ਨੂੰ ਸਾਫ ਕੀਤਾ ਜਾਵੇ ਤੇ ਇਸ ਲਈ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ।
ਬੁੱਢੇ ਨਾਲੇ ਦੀ ਸਫਾਈ ਲਈ ਖੁਦ ਨਾਲੇ ਵਿੱਚ ਉੱਤਰੇ ਰਾਜਸਭਾ ਮੈਂਬਰ ਸੀਚੇਵਾਲ
ਹਾਲਾਂਕਿ ਇਹ ਕੰਮ ਨਗਰ ਨਿਗਮ ਦਾ ਹੈ, ਪਰ ਸੰਤ ਬਲਬੀਰ ਸਿੰਘ ਹੁਣ ਖੁਦ ਆਪਣੀ ਟੀਮ ਦੇ ਨਾਲ ਬੁੱਢੇ ਨਾਲ ਦੇ ਵਿੱਚ ਉੱਤਰ ਕੇ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਹੜੀ ਸੇਵਾ ਸਾਡੇ ਲੇਖੇ ਆਈ ਹੈ ਉਹ ਅਸੀਂ ਕਰਨੀ ਹੈ। ਇਸ ਤੋਂ ਇਲਾਵਾ ਉਹਨਾਂ ਲੋਕਾਂ ਨੂੰ ਵੀ ਕਿਹਾ ਕਿ ਉਹ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਲਈ ਬੁੱਢੇ ਨਾਲੇ ਨੂੰ ਸਾਫ ਸੁਥਰਾ ਬਣਾਉਣ ਲਈ ਯੋਗਦਾਨ ਪਾਉਣ। ਇਸ ਤੋਂ ਪਹਿਲਾਂ ਉਹਨਾਂ ਵੱਲੋਂ ਬੀਤੇ ਦਿਨੀ ਡਾਇਰੀਆਂ ਵੱਲੋਂ ਪਾਏ ਜਾ ਰਹੇ ਵੇਸਟ ਤੇ ਵੀ ਲਗਾਮ ਲਗਾਉਣ ਦੇ ਲਈ ਖੁਦ 15 ਟਰਾਲੀਆਂ ਇਲਾਕੇ ਦੇ ਵਿੱਚ ਚਲਾਈਆਂ ਗਈਆਂ ਸਨ ਤਾਂ ਜੋ ਡੈਰੀਆਂ ਵੱਲੋਂ ਚੋਂ ਨਿਕਲਣ ਵਾਲਾ ਵੇਸਟ ਬੁੱਢੇ ਨਾਲੇ ਦੇ ਵਿੱਚ ਨਾ ਪਾਇਆ ਜਾ ਸਕੇ।