ਲੁਧਿਆਣਾ: ਨਗਰ ਨਿਗਮ ਲੁਧਿਆਣਾ ਦੇ ਨਤੀਜੇ ਆਏ ਦੋ ਹਫ਼ਤਿਆਂ ਦਾ ਸਮਾਂ ਹੋ ਚੁੱਕਾ ਹੈ ਅਤੇ ਇਸ ਦੇ ਬਾਵਜੂਦ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਲੁਧਿਆਣਾ ਦਾ ਮੇਅਰ ਬਣਾਉਣ ਦਾ ਦਾਅਵਾ ਨਹੀਂ ਕੀਤਾ ਹੈ। ਮੇਅਰ ਬਣਾਉਣ ਦੇ ਲਈ ਹੁਣ ਦੋ ਹਫਤਿਆਂ ਦਾ ਸਮਾਂ ਬਚਿਆ ਹੈ। ਇੱਕ ਮਹੀਨੇ ਦੇ ਅੰਦਰ-ਅੰਦਰ ਮੇਅਰ ਬਣਾਉਣ ਦਾ ਦਾਅਵਾ ਪੇਸ਼ ਕਰਨਾ ਹੁੰਦਾ ਹੈ। ਨਗਰ ਨਿਗਮ ਦੇ ਆਏ ਨਤੀਜਿਆਂ ਨੇ ਪੂਰਾ ਉਲਟ ਫੇਰ ਕਰ ਦਿੱਤਾ ਹੈ।
ਲੁਧਿਆਣਾ 'ਚ ਜੋੜ ਤੋੜ ਦੀ ਰਾਜਨੀਤੀ
ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ 41, ਕਾਂਗਰਸ ਦੇ 30 ਅਤੇ ਭਾਜਪਾ ਦੇ 19 ਕੌਂਸਲਰ ਜੇਤੂ ਰਹੇ ਹਨ। ਜਿਸ ਕਰਕੇ ਕਿਸੇ ਨੂੰ ਵੀ ਪੂਰਨ ਬਹੁਮਤ ਨਹੀਂ ਮਿਲਿਆ ਹੈ। ਦੂਜੇ ਪਾਸੇ ਮੇਅਰ ਬਣਾਉਣ ਦੇ ਲਈ 52 ਵੋਟਾਂ ਦੀ ਲੋੜ ਹੈ, ਆਮ ਆਦਮੀ ਪਾਰਟੀ ਦੇ 7 ਵਿਧਾਇਕ ਵੀ ਹਨ ਜਿਨ੍ਹਾਂ ਦੀਆਂ ਵੋਟਾਂ ਗਿਣੀਆਂ ਜਾਣਗੀਆਂ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਹੋਰ ਚਾਰ ਕੌਂਸਲਰਾਂ ਦੀਆਂ ਲੋੜ ਹੈ ਜਿਸ ਨੂੰ ਲੈ ਕੇ ਜੋੜ ਤੋੜ ਵੀ ਚੱਲ ਰਿਹਾ ਹੈ।
ਵਿਰੋਧੀ ਧਿਰ ਦਾ ਰੋਲ ਅਦਾ ਕਰੇਗੀ ਭਾਜਪਾ
ਹਾਲਾਂਕਿ ਪਹਿਲਾ ਭਾਜਪਾ ਅਤੇ ਕਾਂਗਰਸ ਦੇ ਗਠਜੋੜ ਦੀਆਂ ਗੱਲਾਂ ਚੱਲ ਰਹੀਆਂ ਸਨ ਪਰ ਇਸ ਨੂੰ ਭਾਜਪਾ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਹੈ ਕਿ ਭਾਜਪਾ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰੇਗੀ। ਉਹਨਾਂ ਕਿਹਾ ਕਿ ਅਸੀਂ ਲੋਕਾਂ ਦਾ ਫਤਵਾ ਮੰਨ ਲਿਆ ਹੈ, ਅਸੀਂ ਕਿਸੇ ਤਰ੍ਹਾਂ ਦੇ ਨਾਲ ਕਿਸੇ ਨਾਲ ਗਠਜੋੜ ਨਹੀਂ ਕਰ ਰਹੇ। ਭਾਜਪਾ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰੇਗੀ।
ਦੂਜੀਆਂ ਪਾਰਟੀਆਂ ਦੇ ਜੇਤੂ ਕੌਂਸਲਰਾਂ ਨੂੰ ਦੇ ਰਹੇ ਧਮਕੀਆਂ
ਦੂਜੇ ਪਾਸੇ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਗਰੇਵਾਲ ਕਿਹਾ ਹੈ ਕਿ ਪਹਿਲਾਂ ਸਰਕਾਰ ਚੋਣਾਂ ਕਰਵਾਉਣ ਤੋਂ ਭੱਜਦੀ ਰਹੀ ਅਤੇ ਹੁਣ ਮੇਅਰ ਬਣਾਉਣ ਦੇ ਵਿੱਚ ਵੀ ਪੂਰਨ ਬਹੁਮਤ ਨਹੀਂ ਮਿਲ ਸਕਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਜ਼ਾਹਿਰ ਹੈ ਕਿ ਮੇਅਰ ਬਣਾਉਣ ਲਈ ਸਰਕਾਰ ਜੋੜ ਤੋੜ ਤਾਂ ਕਰ ਰਹੀ ਹੈ ਪਰ ਉਹਨਾਂ ਦੀ ਗੱਲ ਨਹੀਂ ਬਣ ਰਹੀ। ਉਹਨਾਂ ਕਿਹਾ ਕਿ ਆਜ਼ਾਦ ਉਮੀਦਵਾਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਵਿਰੋਧੀ ਪਾਰਟੀਆਂ ਦੇ ਜਿੱਤੇ ਉਮੀਦਵਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਕਾਂਗਰਸ ਦਾ ਹੀ ਬਣਾਇਆ ਜਾਵੇਗਾ ਮੇਅਰ
ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਕਿ ਮੇਅਰ ਉਹਨਾਂ ਵੱਲੋਂ ਹੀ ਬਣਾਇਆ ਜਾਵੇਗਾ, ਉੱਥੇ ਹੀ ਕਾਂਗਰਸ ਵੱਲੋਂ ਵੀ ਬੀਤੇ ਦਿਨੀ ਆਪਣੇ ਜਿੱਤੇ ਹੋਏ ਕੌਂਸਲਰਾਂ ਦੇ ਨਾਲ ਬੈਠਕ ਕੀਤੀ ਗਈ ਹੈ ਤਾਂ ਜੋ ਕੋਈ ਵੀ ਦਲ ਬਦਲੀ ਨਾ ਕਰ ਸਕੇ। ਇਸ ਨੂੰ ਲੈ ਕੇ ਲੁਧਿਆਣਾ ਦੇ ਸੀਨੀਅਰ ਕਾਂਗਰਸ ਆਗੂ ਈਸ਼ਵਰ ਜੋਤ ਚੀਮਾ ਨੇ ਕਿਹਾ ਕਿ ਕਾਂਗਰਸ ਦਾ ਮੇਅਰ ਹੀ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਜਲਦ ਹੀ ਤੁਹਾਨੂੰ ਖੁਸ਼ਖਬਰੀ ਦਿੱਤੀ ਜਾਵੇਗੀ। ਉਹਨਾਂ ਸਾਫ ਕਿਹਾ ਕਿ ਜੋ ਮਰਜ਼ੀ ਹੋ ਜਾਵੇ ਅਸੀਂ ਆਮ ਆਦਮੀ ਪਾਰਟੀ ਦਾ ਮੇਅਰ ਨਹੀਂ ਬਣਨ ਦੇਵਾਂਗੇ।
ਦੋ ਦਿਨਾਂ 'ਚ 'ਆਪ' ਬਣਾਏਗੀ ਆਪਣਾ ਮੇਅਰ
ਹਾਲਾਂਕਿ ਇਸ ਸਬੰਧੀ ਆਮ ਆਦਮੀ ਪਾਰਟੀ ਲਗਾਤਾਰ ਇਹ ਦਾਅਵੇ ਕਰ ਰਹੀ ਹੈ ਕਿ ਸਾਡੀਆਂ ਵੋਟਾਂ ਪੂਰੀਆਂ ਹੋ ਚੁੱਕੀਆਂ ਹਨ, ਦੋ ਦਿਨ ਦੇ ਵਿੱਚ ਮੇਅਰ ਬਣਾਇਆ ਜਾਵੇਗਾ। ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕੇ ਤੋਂ ਐਮਐਲਏ ਅਸ਼ੋਕ ਪੱਪੀ ਨੇ ਕਿਹਾ ਕਿ ਸਾਡੇ 41 ਕੌਂਸਲਰ ਹਨ, ਇਸ ਦੇ ਨਾਲ ਹੀ ਸਾਡੇ ਵਿਧਾਇਕਾਂ ਦੀਆਂ ਵੋਟਾਂ ਹਨ, ਆਜ਼ਾਦ ਉਮੀਦਵਾਰ ਵੀ ਸਾਡੇ ਨਾਲ ਹਨ। ਉਹਨਾਂ ਕਿਹਾ ਕਿ ਕਾਂਗਰਸ ਦੇ ਕੋਲ 30 ਕੌਂਸਲਰ ਹਨ ਜਦੋਂ ਕਿ ਭਾਜਪਾ ਦੇ ਕੋਲ 19 ਹਨ। ਉਹਨਾਂ ਕਿਹਾ ਕਿ ਉਹ ਕਿਸੇ ਵੀ ਸੂਰਤ ਦੇ ਵਿੱਚ ਮੇਅਰ ਨਹੀਂ ਬਣਾ ਸਕਦੇ ਕਿਉਂਕਿ ਉਹਨਾਂ ਦੋਵਾਂ ਦੇ ਸੁਰ ਆਪਸ ਚ ਨਹੀਂ ਮਿਲਦੇ ਕਿਉਂਕਿ ਦਿੱਲੀ ਦੇ ਵਿੱਚ ਉਹਨਾਂ ਦੇ ਹਾਲਾਤ ਕੁਝ ਹੋਰ ਹਨ ਅਤੇ ਪੰਜਾਬ ਦੇ ਵਿੱਚ ਇਹ ਗਠਜੋੜ ਹੋਣਾ ਸੰਭਵ ਨਹੀਂ ਹੈ।
- ਪੰਜਾਬ ਦੀ ਸਿਆਸਤ 'ਚ ਹੋਇਆ ਵੱਡਾ ਧਮਾਕਾ, ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਨਾਮ ਦਾ ਕੀਤਾ ਐਲਾਨ!
- ਪੁਲਿਸ ਵੱਲੋਂ ਡਰੋਨ ਦੇ ਰਾਹੀਂ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ 'ਤੇ ਰੱਖੀ ਜਾ ਰਹੀ ਪੈਨੀ ਨਜ਼ਰ, ਹੁਣ ਤੱਕ 500 ਤੋਂ ਵੱਧ ਗੱਟੂ ਕੀਤੇ ਗਏ ਬਰਾਮਦ
- ਵਿਆਹ 'ਚ ਲਾੜੇ ਨੂੰ ਲੈ ਕੇ ਜਾਣ ਲਈ ਸਮੇਂ 'ਤੇ ਨਹੀਂ ਉੱਡਿਆ ਹੈਲੀਕਾਪਟਰ, ਅਦਾਲਤ ਨੇ ਕਿਸਾਨ ਨੂੰ ਦਵਾਇਆ 7 ਲੱਖ ਦਾ ਮੁਆਵਜ਼ਾ