ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਮਜ਼ਬੂਤ ਪੈੜਾਂ ਸਿਰਜਣ ਵਿੱਚ ਸਫਲ ਰਹੇ ਹਨ ਨੌਜਵਾਨ ਅਤੇ ਪ੍ਰਤਿਭਾਵਾਨ ਗਾਇਕ ਚੰਦਰਾ ਬਰਾੜ, ਜੋ ਆਪਣਾ ਨਵਾਂ ਗਾਣਾ 'ਧੋਖੇ' ਲੈ ਕੇ ਆਪਣੇ ਚਾਹੁੰਣ ਵਾਲਿਆਂ ਅਤੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤਾ ਜਾ ਰਿਹਾ ਹੈ।
'ਮਿਕਸ ਸਿੰਘ ਸੰਗੀਤਕ' ਲੇਬਲ ਅਧੀਨ ਪੇਸ਼ ਕੀਤੇ ਜਾ ਰਹੇ ਇਸ ਸਦਾ ਬਹਾਰ ਗਾਣੇ ਦਾ ਸੰਗੀਤ ਮਿਕਸ ਸਿੰਘ ਵੱਲੋਂ ਹੀ ਤਿਆਰ ਕੀਤਾ ਗਿਆ ਹੈ, ਜਦ ਕਿ ਇਸ ਗਾਣੇ ਦੇ ਬੋਲ ਚੰਦਰਾ ਬਰਾੜ ਨੇ ਹੀ ਰਚੇ ਹਨ, ਜਿੰਨ੍ਹਾਂ ਦੀ ਖੂਬਸੂਰਤ ਕਲਮ ਵਿੱਚੋਂ ਜਨਮੇ ਇਸ ਪ੍ਰਭਾਵੀ ਅਤੇ ਭਾਵਨਾਤਮਕ ਗੀਤ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਨਿਰਵੈਰ ਦੁਆਰਾ ਕੀਤੀ ਗਈ ਹੈ।
ਕੈਨੇਡਾ ਦਾ ਸਫਲ ਗਾਇਕੀ ਦੌਰਾ ਸੰਪੰਨ ਕਰਕੇ ਵਾਪਸ ਪਰਤੇ ਗਾਇਕ ਚੰਦਰਾ ਬਰਾੜ ਦੀ ਪ੍ਰਬੰਧਨ ਟੀਮ ਅਨੁਸਾਰ ਮਿਆਰੀ ਗੀਤ-ਸੰਗੀਤ ਨੂੰ ਤਰਜ਼ੀਹ ਦਿੰਦੇ ਆ ਰਹੇ ਗਾਇਕ ਚੰਦਰਾ ਬਰਾੜ ਨੂੰ ਕੈਨੇਡਾ ਭਰ ਵਿੱਚ ਅਥਾਹ ਪਿਆਰ ਸਤਿਕਾਰ ਨਾਲ ਨਿਵਾਜਿਆ ਗਿਆ ਹੈ, ਜਿਸ ਨਾਲ ਉਹ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਬਿਹਤਰੀਨ ਸੰਗੀਤਕ ਕੋਸ਼ਿਸ਼ਾਂ ਨੂੰ ਅੰਜ਼ਾਮ ਦੇਣ ਵਿੱਚ ਜੁੱਟ ਚੁੱਕੇ ਹਨ, ਜਿਸ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਸਾਹਮਣੇ ਆਉਣ ਜਾ ਰਿਹਾ ਇਹ ਨਵਾਂ ਗਾਣਾ, ਜਿਸ ਨੂੰ ਉਨ੍ਹਾਂ ਵੱਲੋਂ ਬਹੁਤ ਹੀ ਖੁੰਬ ਕੇ ਗਾਇਆ ਗਿਆ ਹੈ।
ਹਾਲ ਹੀ ਵਿੱਚ ਆਪਣੇ ਲਿਖੇ, ਗਾਏ ਅਤੇ ਜਾਰੀ ਕੀਤੇ ਕਈ ਗਾਣਿਆਂ ਨੂੰ ਲੈ ਕੇ ਵੀ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਗਾਇਕ ਚੰਦਰਾ ਬਰਾੜ, ਜਿੰਨ੍ਹਾਂ ਦੇ ਹਿੱਟ ਰਹੇ ਗਾਣਿਆਂ ਵਿੱਚ 'ਵੀਰੇ ਆਪਾਂ ਕਦੋਂ ਮਿਲਾਂਗੇ', 'ਵਿਟਾਮਿਨ ਯੂ', 'ਤੇਰੀ ਮਾਂ', 'ਮੂਵੀ ਵਾਲਿਆ', 'ਐਕਸਕਿਊਜ਼', 'ਪੇਪਰ ਰੋਲ', 'ਬੈਚਲਰ', 'ਪਲੇਅ ਬੁਆਏ' ਆਦਿ ਸ਼ੁਮਾਰ ਰਹੇ ਹਨ।
ਮੂਲ ਰੂਪ ਵਿੱਚ ਮਾਲਵਾ ਦੇ ਜ਼ਿਲ੍ਹਾਂ ਫਰੀਦਕੋਟ ਨਾਲ ਸੰਬੰਧਤ ਇਹ ਹੋਣਹਾਰ ਗਾਇਕ ਅਤੇ ਗੀਤਕਾਰ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੇ ਸੰਗੀਤਕ ਪ੍ਰੋਜੈਕਟਾਂ ਦਾ ਹਿੱਸਾ ਬਣਨ ਜਾ ਰਹੇ ਹਾਂ, ਜਿਸ ਸੰਬੰਧਤ ਰਸਮੀ ਖੁਲਾਸਾ ਉਨ੍ਹਾਂ ਵੱਲੋਂ ਜਲਦ ਹੀ ਕੀਤਾ ਜਾਵੇਗਾ।