ਚੰਡੀਗੜ੍ਹ:ਬਾਲੀਵੁੱਡ ਸਟਾਰ ਰਣਵੀਰ ਸਿੰਘ ਇੰਨੀਂ ਦਿਨੀਂ ਅਪਣੀ ਇੱਕ ਹੋਰ ਵੱਡੀ ਅਤੇ ਆਉਣ ਵਾਲੀ ਫਿਲਮ 'ਧੁਰੰਧਰ' ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਬਣੇ ਹੋਏ ਹਨ, ਜਿੰਨ੍ਹਾਂ ਦੀ ਇਸ ਬਹੁ-ਚਰਚਿਤ ਫਿਲਮ ਦੀ ਸ਼ੂਟਿੰਗ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ੁਰੂ ਹੋ ਚੁੱਕੀ ਹੈ, ਜਿਸ ਦਾ ਨਿਰਦੇਸ਼ਨ ਅਦਿਤਿਆ ਧਰ ਕਰ ਰਹੇ ਹਨ।
'ਜੀਓ ਸਟੂਡਿਓਜ਼' ਅਤੇ 'ਬੀ 62 ਸਟੂਡੀਓਜ਼' ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਨੂੰ ਨਿਰਦੇਸ਼ਕ ਅਦਿਤਿਆ ਧਰ ਵੱਲੋਂ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਹੇਠ ਫਿਲਮਬੱਧ ਕੀਤਾ ਜਾ ਰਿਹਾ ਹੈ, ਜੋ ਇਸ ਤੋਂ ਪਹਿਲਾਂ ਨੈਸ਼ਨਲ ਐਵਾਰਡ ਜੇਤੂ ਅਤੇ ਸੁਪਰ-ਡੁਪਰ ਹਿੱਟ ਰਹੀ 'ਉੜੀ' ਅਤੇ 'ਆਰਟੀਕਲ 370' ਸਮੇਤ ਕਈ ਬਿਹਤਰੀਨ ਅਤੇ ਸਫ਼ਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਗੁਰੂ ਕੀ ਨਗਰੀ ਦੇ ਵੱਖ-ਵੱਖ ਹਿੱਸਿਆਂ ਵਿਖੇ ਤੇਜ਼ੀ ਨਾਲ ਫਿਲਮਾਈ ਜਾ ਰਹੀ ਉਕਤ ਐਕਸ਼ਨ ਥ੍ਰਿਲਰ ਫਿਲਮ 'ਚ ਇੱਕ ਬਿਲਕੁਲ ਅਲਹਦਾ ਰੋਲ ਅਤੇ ਲੁੱਕ ਵਿੱਚ ਨਜ਼ਰ ਆਉਣਗੇ ਰਣਵੀਰ ਸਿੰਘ, ਜੋ ਪਾਕਿਸਤਾਨ 'ਚ ਤਾਇਨਾਤ ਇੱਕ ਖੁਫ਼ੀਆ ਅਧਿਕਾਰੀ ਦੀ ਭੂਮਿਕਾ ਅਦਾ ਕਰ ਰਹੇ ਹਨ।
ਉਨ੍ਹਾਂ ਤੋਂ ਇਲਾਵਾ ਇਸ ਮਲਟੀ-ਸਟਾਰਰ ਫਿਲਮ ਦੀ ਕਾਸਟ 'ਚ ਸੰਜੇ ਦੱਤ, ਆਰ ਮਾਧਵਨ, ਅਕਸ਼ੈ ਖੰਨਾ ਅਤੇ ਅਰਜੁਨ ਰਾਮਪਾਲ ਵੀ ਸ਼ਾਮਿਲ ਹਨ। ਨਿਰਮਾਤਾ ਅਦਿਤਿਆ ਧਰ ਅਤੇ ਜੋਤੀ ਦੇਸ਼ਪਾਂਡੇ ਵੱਲੋਂ ਬਿੱਗ ਸੈੱਟਅੱਪ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਰੰਭਿਆ ਗਿਆ ਇਹ ਪਹਿਲਾਂ ਸ਼ੈਡਿਊਲ ਹੈ, ਜਿਸ ਲਈ ਅਦਾਕਾਰ ਰਣਵੀਰ ਸਿੰਘ ਸਮੇਤ ਇਸ ਫਿਲਮ ਨਾਲ ਜੁੜੇ ਕਈ ਹੋਰ ਦਿੱਗਜ ਐਕਟਰ ਇੱਥੇ ਪਹੁੰਚ ਚੁੱਕੇ ਹਨ, ਜਿੰਨ੍ਹਾਂ ਉਪਰ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਇਸ ਸ਼ੈਡਿਊਲ ਦੌਰਾਨ ਕੀਤਾ ਜਾਵੇਗਾ, ਜੋ ਅਗਲੇ ਕੁਝ ਦਿਨ ਹੋਰ ਲਗਾਤਾਰ ਜਾਰੀ ਰਹੇਗਾ।
ਹਾਲ ਹੀ ਵਿਖੇ ਇਸੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਵਿਖੇ ਫਿਲਮਾਈਆਂ ਗਈਆਂ ਜੌਨ ਅਬ੍ਰਾਹਮ ਸਟਾਰਰ 'ਦਿ ਡਿਪਲੋਮੈਂਟ' ਅਤੇ ਸੋਨੂੰ ਸੂਦ-ਜੈਕਲਿਨ ਫਰਨਾਂਡਿਸ ਦੀ 'ਫ਼ਤਹਿ' ਤੋਂ ਬਾਅਦ ਬਾਲੀਵੁੱਡ ਦੀ ਇਹ ਤੀਜੀ ਅਜਿਹੀ ਫਿਲਮ ਹੈ, ਜੋ ਬੈਕ-ਟੂ-ਬੈਕ ਪੰਜਾਬ ਦੇ ਇਸ ਅਹਿਮ ਹਿੱਸੇ ਵਿੱਚ ਸ਼ੂਟ ਕੀਤੀ ਜਾ ਰਹੀ ਹੈ, ਜਿਸ ਲਈ ਕਾਫ਼ੀ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।
ਇਹ ਵੀ ਪੜ੍ਹੋ: