ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਅਤੇ ਬਹੁ-ਚਰਚਿਤ ਫਿਲਮਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵੱਲ ਵੱਧ ਰਹੀ ਹੈ ਬੀਤੇ ਦਿਨੀਂ ਅਨਾਊਂਸ ਹੋਈ 'ਟਰੈਵਲ ਏਜੰਟ', ਜਿਸ ਦਾ ਮਸ਼ਹੂਰ ਹਿੰਦੀ ਸਿਨੇਮਾ ਐਕਟਰ ਗੁਲਸ਼ਨ ਗਰੋਵਰ ਵੀ ਹਿੱਸਾ ਬਣ ਚੁੱਕੇ ਹਨ, ਜੋ ਇਸ ਸਮਾਜਿਕ-ਡ੍ਰਾਮੈਟਿਕ ਫਿਲਮ ਵਿੱਚ ਕਾਫ਼ੀ ਭੂਮਿਕਾ ਨਿਭਾਉਂਦੇ ਨਜ਼ਰੀ ਆਉਣਗੇ।
'ਗੋਬਿੰਦ ਫਿਲਮ ਕ੍ਰਿਏਸ਼ਨਜ ਪ੍ਰਾਈ.ਲਿਮਿ.' ਵੱਲੋਂ 'ਯੂਬੀਐਸ ਪ੍ਰੋਡੋਕਸ਼ਨ' ਦੇ ਸੰਯੁਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਸਤਵਿੰਦਰ ਸਿੰਘ ਮਠਾੜੂ ਅਤੇ ਨਿਰਦੇਸ਼ਨ ਬਲਜਿੰਦਰ ਸਿੰਘ ਸਿੱਧੂ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ 'ਅੱਜ ਦੇ ਲਫੰਗੇ' ਸਮੇਤ ਕਈ ਅਰਥ ਭਰਪੂਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਹਾਲੀਆ ਦਿਨੀਂ ਅਜ਼ੀਮ ਬਾਲੀਵੁੱਡ ਐਕਟਰ ਧਰਮਿੰਦਰ ਵੱਲੋਂ ਸੰਨੀ ਸੁਪਰ ਸਟੂਡਿਓ ਮੁੰਬਈ ਵਿਖੇ ਕੀਤੇ ਗਏ ਰਸਮੀ ਮਹੂਰਤ ਨਾਲ ਸ਼ੁਰੂ ਹੋਈ ਉਕਤ ਫਿਲਮ ਦੁਆਰਾ ਇਕ ਨਵਾਂ ਚਿਹਰਾ ਅਦਾਕਾਰ ਸੋਨੂੰ ਬੱਗੜ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ, ਜੋ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਐਕਸ਼ਨ ਡਾਇਰੈਕਟਰ ਮੋਹਨ ਬੱਗੜ ਦੇ ਹੋਣਹਾਰ ਫਰਜ਼ੰਦ ਹਨ, ਜਿੰਨ੍ਹਾਂ ਤੋਂ ਇਲਾਵਾ ਅਦਾਕਾਰ ਪ੍ਰਭ ਗਰੇਵਾਲ, ਪੂਨਮ ਸੂਦ, ਅਵਤਾਰ ਗਿੱਲ, ਸ਼ਵਿੰਦਰ ਮਾਹਲ, ਰਣਜੀਤ ਰਿਆਜ਼ ਆਦਿ ਜਿਹੇ ਨਾਮਵਰ ਐਕਟਰਜ਼ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਉੱਤਰਾਖੰਡ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੂਟ ਕੀਤੀ ਜਾਣ ਵਾਲੀ ਉਕਤ ਫਿਲਮ ਵਿੱਚ ਹਰ ਹੀਲੇ ਵਿਦੇਸ਼ ਜਾਣ ਦੀ ਤਾਂਘ ਰੱਖਦੇ ਨੌਜਵਾਨਾਂ ਅਤੇ ਉਨ੍ਹਾਂ ਦੀ ਇਸ ਇੱਕ ਦੂਸਰੇ ਦੀ ਵੇਖੋ-ਵੇਖੀ ਅਪਣਾਈ ਜਾ ਰਹੀ ਸੋਚ ਦਾ ਮਾਨਸਿਕ ਅਤੇ ਆਰਥਿਕ ਰੂਪ ਵਿੱਚ ਖਮਿਆਜ਼ਾ ਭੁਗਤ ਰਹੇ ਮਾਪਿਆਂ ਦੀ ਗਾਥਾ ਵੀ ਬਿਆਨ ਕਰੇਗੀ, ਜਿਸ ਵਿੱਚ ਬਾਲੀਵੁੱਡ ਅਦਾਕਾਰ ਗੁਲਸ਼ਨ ਗਰੋਵਰ ਬੇਹਦ ਪ੍ਰਭਾਵਸ਼ਾਲੀ ਕਿਰਦਾਰ ਵਿੱਚ ਨਜ਼ਰ ਆਉਣਗੇ, ਜੋ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਉਕਤ ਫਿਲਮ ਦੀ ਸ਼ੂਟਿੰਗ ਦਾ ਜਲਦ ਹਿੱਸਾ ਬਣਨ ਜਾ ਰਹੇ ਹਨ।
ਸਾਲ 2008 ਵਿੱਚ ਰਿਲੀਜ਼ ਹੋਈ ਗੁਰਦਾਸ ਮਾਨ-ਭੂਮਿਕਾ ਚਾਵਲਾ ਸਟਾਰਰ 'ਯਾਰੀਆਂ', 2016 ਵਿੱਚ ਸਾਹਮਣੇ ਆਈ 'ਵਾਪਸੀ' ਅਤੇ 2017 ਵਿੱਚ ਆਈ ਅਤੇ ਮਹੇਸ਼ ਭੱਟ ਦੁਆਰਾ ਪੇਸ਼ ਕੀਤੀ ਗਈ 'ਦੁਸ਼ਮਣ' ਵਿੱਚ ਪਿਛਲੀ ਵਾਰ ਨਜ਼ਰ ਪਏ ਸਨ ਅਦਾਕਾਰ ਗੁਲਸ਼ਨ ਗਰੋਵਰ, ਜੋ ਲੰਮੇਂ ਸਮੇਂ ਬਾਅਦ ਪੰਜਾਬੀ ਸਿਨੇਮਾ ਵਿੱਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਾ ਇਜ਼ਹਾਰ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਨੂੰ ਕਰਵਾਉਣਗੇ।