ਚੰਡੀਗੜ੍ਹ: ਪੰਜਾਬੀ ਗਾਇਕੀ ਨੂੰ ਸਦਾ ਬਹਾਰ ਅਤੇ ਲੋਕ ਰੰਗਾਂ ਨਾਲ ਅੋਤ ਪੋਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਅਤੇ ਗੀਤਕਾਰ ਬੀਰ ਸਿੰਘ, ਜੋ ਅਪਣਾ ਨਵਾਂ ਗਾਣਾ 'ਆਸ' ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਤੇ ਮਨ ਨੂੰ ਮੋਹ ਲੈਣ ਵਾਲੀ ਅਵਾਜ਼ ਵਿੱਚ ਸੱਜਿਆ ਇਹ ਗੀਤ ਕੱਲ੍ਹ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
'ਸਿਮਬਾਲਜ਼ ਐਂਟਰਟੇਨਮੈਂਟ' ਅਤੇ 'ਬੀਰ ਸਿੰਘ ਐਂਟਰਟੇਨਮੈਂਟ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਸ਼ਬਦ ਰਚਨਾ ਵੀ ਬੀਰ ਸਿੰਘ ਵੱਲੋਂ ਅੰਜ਼ਾਮ ਦਿੱਤੀ ਗਈ ਹੈ, ਜਦਕਿ ਸੰਗੀਤ ਰਫ਼ਤਾਰ ਸੰਧੂ ਦੁਆਰਾ ਤਿਆਰ ਕੀਤਾ ਗਿਆ ਹੈ।
ਮੋਹ ਭਰੇ ਰਿਸ਼ਤਿਆਂ ਦਾ ਭਾਵਪੂਰਨ ਪ੍ਰਗਟਾਵਾ ਕਰਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਚਾਰ-ਚੰਨ ਲਾਉਣ ਵਿੱਚ ਪਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਜਨਜੋਤ ਸਿੰਘ ਤੋਂ ਇਲਾਵਾ ਜਯੋਤਿਕਾ ਤਾਂਗੜੀ, ਸੁਖਮਣੀ ਕੌਰ ਅਤੇ ਸਿਦਕ ਕੌਰ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।