Babbu Maan Film Sucha Soorma Box Office Collection: ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ ਅਤੇ ਅਮਿਤੋਜ਼ ਮਾਨ ਵੱਲੋਂ ਨਿਰਦੇਸ਼ਿਤ ਕੀਤੀ ਗਈ ਪੰਜਾਬੀ ਫਿਲਮ 'ਸੁੱਚਾ ਸੂਰਮਾ' ਤੀਜੇ ਸ਼ਾਨਦਾਰ ਹਫ਼ਤੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ, ਜਿਸ ਨੂੰ ਦੇਸ਼-ਵਿਦੇਸ਼ ਵਿੱਚ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
'ਸਾਗਾ ਸਟੂਡਿਓਜ਼' ਦੇ ਬੈਨਰ ਬਣਾਈ ਗਈ ਅਤੇ ਨਿਰਮਾਤਾ ਸੁਮਿਤ ਸਿੰਘ ਵੱਲੋਂ ਬਿੱਗ ਸੈਟਅੱਪ ਅਧੀਨ ਨਿਰਮਿਤ ਕੀਤੀ ਗਈ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਬੱਬੂ ਮਾਨ, ਸਰਬਜੀਤ ਚੀਮਾ, ਜੱਗ ਸਿੰਘ, ਸਮਿਕਸ਼ਾ ਓਸਵਾਲ, ਰਵਨੀਤ ਕੌਰ, ਮਹਾਂਵੀਰ ਭੁੱਲਰ, ਸ਼ਵਿੰਦਰ ਵਿੱਕੀ, ਗੁਰਿੰਦਰ ਮਕਣਾ, ਸੁਖਵਿੰਦਰ ਰਾਜ, ਪ੍ਰਭਸ਼ਰਨ ਕੌਰ, ਨਵੀਰ ਚਾਹਲ, ਸੁਖਬੀਰ ਬਾਠ, ਗੁਰਪ੍ਰੀਤ ਰਟੌਲ, ਹਰਿੰਦਰ ਭੁੱਲਰ, ਗੁਰਪ੍ਰੀਤ ਤੋਤੀ, ਅਨੀਤਾ ਸ਼ਬਦੀਸ਼, ਸੰਗੀਤਾ ਗੁਪਤਾ ਆਦਿ ਸ਼ਾਮਿਲ ਹਨ।
ਸਾਲ 2003 ਵਿੱਚ ਰਿਲੀਜ਼ ਹੋਈ ਅਤੇ ਖਾਸੀ ਸਲਾਹੁਤਾ ਹਾਸਿਲ ਕਰਨ ਵਾਲੀ 'ਹਵਾਏਂ' ਦੇ ਦੋ ਦਹਾਕਿਆਂ ਬਾਅਦ ਨਿਰਦੇਸ਼ਕ ਅਮਿਤੋਜ਼ ਮਾਨ ਅਤੇ ਅਦਾਕਾਰ ਬੱਬੂ ਮਾਨ ਵੱਲੋਂ ਇਕੱਠਿਆਂ ਇਹ ਫਿਲਮ ਦਰਸ਼ਕਾਂ ਦੇ ਸਨਮੁੱਖ ਕੀਤੀ ਗਈ ਹੈ, ਜਿਸ ਨੇ ਬੱਬੂ ਮਾਨ ਦੇ ਕਰੀਅਰ ਅਤੇ ਅਦਾਕਾਰੀ ਨੂੰ ਨਵੇਂ ਅਯਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਉਕਤ ਫਿਲਮ ਦਾ ਧੁਰਾ ਮੰਨੇ ਜਾਂਦੇ ਨਿਰਦੇਸ਼ਕ ਅਮਿਤੋਜ਼ ਮਾਨ ਅਤੇ ਅਦਾਕਾਰ ਬੱਬੂ ਮਾਨ ਦੇ ਕਰੀਅਰ ਅਤੇ ਫਿਲਮੀ ਸਫ਼ਰ ਨਾਲ ਜੁੜੇ ਕੁਝ ਅਹਿਮ ਫੈਕਟਸ ਦੀ ਗੱਲ ਕੀਤੀ ਜਾਵੇ ਤਾਂ ਇਹ ਦੋਨਾਂ ਦੀ ਪ੍ਰੋਫੈਸ਼ਨਲ ਸੁਮੇਲਤਾ ਇੱਕ ਦੂਜੇ ਲਈ ਕਾਫ਼ੀ ਸਹਾਈ ਸਾਬਤ ਹੋਈ ਹੈ, ਜਿਸ ਦਾ ਅਹਿਸਾਸ ਇੰਨਾਂ ਦੋਵਾਂ ਵੱਲੋਂ ਨਿਰਦੇਸ਼ਕ ਅਤੇ ਅਦਾਕਾਰ ਦੇ ਤੌਰ ਉਤੇ ਇਕੱਠਿਆਂ ਕੀਤੇ ਗਏ ਮਿਊਜ਼ਿਕ ਵੀਡੀਓਜ਼ ਚਾਹੇ ਉਹ 'ਸਾਉਣ ਦੀ ਝੜੀ ਹੋਵੇ', 'ਦਿਲ ਤਾਂ ਪਾਗਲ ਹੈ' ਜਾਂ ਫਿਰ 'ਕਬਜ਼ਾ' ਵੀ ਭਲੀਭਾਂਤ ਕਰਵਾ ਚੁੱਕੇ ਹਨ, ਜੋ ਅਪਾਰ ਲੋਕਪ੍ਰਿਯਤਾ ਅਤੇ ਸਫਲਤਾ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ।
ਵੱਡੇ ਪੱਧਰ ਉੱਪਰ ਰਿਲੀਜ਼ ਕੀਤੀ ਗਈ ਉਕਤ ਬਹੁ-ਚਰਚਿਤ ਫਿਲਮ ਦੇ ਹੁਣ ਤੱਕ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਭਾਰਤ ਵਿੱਚ 3.2 ਕਰੋੜ ਨੈੱਟ ਕਾਰੋਬਾਰ ਚੁੱਕੀ ਇਹ ਫਿਲਮ ਓਵਰਸੀਜ਼ 'ਚ ਕੁੱਲ 8.4 ਕਰੋੜ ਕਮਾ ਚੁੱਕੀ ਹੈ, ਜੋ ਜਲਦ ਹੀ 12 ਕਰੋੜ ਦਾ ਅੰਕੜਾ ਪਾਰ ਕਰ ਲਏਗੀ।
ਪਾਲੀਵੁੱਡ ਫਿਲਮ ਨਿਰਮਾਣ ਹਾਊਸ 'ਸਾਗਾ ਸਟੂਡਿਓਜ਼' ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰੋਡੋਕਸ਼ਨ ਦੇ ਰੂਪ ਵਿੱਚ ਅਤੇ ਲਗਭਗ 08 ਕਰੋੜ ਦੇ ਅਨੁਮਾਣਤ ਬਜਟ ਵਿੱਚ ਬਣਾਈ ਗਈ ਇਸ ਫਿਲਮ ਨੂੰ ਭਾਰਤ ਵਿੱਚ 430 ਅਤੇ ਵਿਦੇਸ਼ਾਂ ਵਿੱਚ 550 ਸਥਾਨਾਂ 'ਤੇ ਰਿਲੀਜ਼ ਕੀਤਾ ਗਿਆ, ਜਿਸ ਦੀ ਸਫ਼ਲਤਾ ਨੇ ਅਮਿਤੋਜ਼ ਮਾਨ ਅਤੇ ਬੱਬੂ ਮਾਨ ਨੂੰ ਮੋਹਰੀ ਕਤਾਰ ਨਿਰਦੇਸ਼ਕਾਂ ਅਤੇ ਅਦਾਕਾਰਾਂ ਦੀ ਸ਼੍ਰੇਣੀ ਵਿੱਚ ਲਿਆ ਖੜਾ ਕੀਤਾ ਹੈ।
ਇਹ ਵੀ ਪੜ੍ਹੋ: