ਚੰਡੀਗੜ੍ਹ: ਮੁੰਬਈ ਦੇ ਦਿੱਗਜ ਰਾਜਨੀਤਿਕ ਆਗੂ ਰਹੇ ਬਾਬਾ ਸਿੱਦੀਕੀ ਦੇ ਬੀਤੀ ਸ਼ਾਮ ਦਿਨ-ਦਿਹਾੜੇ ਹੋਏ ਕਤਲ ਨੇ ਬਾਲੀਵੁੱਡ ਦੇ ਨਾਲ-ਨਾਲ ਪਾਲੀਵੁੱਡ 'ਚ ਮੁੜ ਸਹਿਮ ਭਰਿਆ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਨਾਲ ਗਲੈਮਰ ਦੀ ਦੁਨੀਆਂ ਵਿੱਚ ਚਾਰੇ ਪਾਸੇ ਮਾਤਮੀ ਸੰਨਾਟਾ ਪਿਸਰਿਆ ਨਜ਼ਰੀ ਆ ਰਿਹਾ ਹੈ।
ਮੁੰਬਈ ਮਹਾਂਨਗਰ ਦੇ ਬਾਂਦਰਾ ਪੱਛਮੀ ਇਲਾਕੇ ਤੋਂ ਤਿੰਨ ਵਾਰ ਵਿਧਾਇਕ ਅਤੇ ਸਾਬਕਾ ਮੰਤਰੀ ਰਹੇ ਬਾਬਾ ਸਿੱਦੀਕੀ ਸਲਮਾਨ ਖਾਨ ਦੇ ਬੇਹੱਦ ਕਰੀਬੀ ਰਹੇ, ਜਿੰਨ੍ਹਾਂ ਵੱਲੋਂ ਦਿੱਤੀਆਂ ਜਾਂਦੀਆਂ ਇਫ਼ਤਾਰ ਪਾਰਟੀਆਂ ਲੰਮੇਂ ਸਮੇਂ ਮਾਇਆਨਗਰੀ ਦਾ ਖਾਸ ਆਕਰਸ਼ਨ ਬਣਦੀਆਂ ਆ ਰਹੀਆਂ ਹਨ, ਜਿਸ ਵਿੱਚ ਸਲਮਾਨ ਖਾਨ, ਸ਼ਾਹਰੁਖ ਖਾਨ, ਸੰਜੇ ਦੱਤ ਤੋਂ ਲੈ ਕੇ ਤਕਰੀਬਨ ਸਾਰੇ ਬਿੱਗ ਸਟਾਰਜ ਵਰ੍ਹਿਆਂ ਤੋਂ ਲਗਾਤਾਰ ਹਾਜ਼ਰੀ ਭਰਦੇ ਆ ਰਹੇ ਹਨ।
ਸਾਲ 2004 ਤੋਂ ਲੈ ਕੇ 2008 ਤੱਕ ਖੁਰਾਕ ਅਤੇ ਕਿਰਤ ਮੰਤਰੀ ਰਹੇ ਬਾਬਾ ਸਿੱਦੀਕੀ ਦੀ ਮੌਤ ਨੇ ਪੂਰੇ ਬਾਲੀਵੁੱਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਿਸ ਨਾਲ ਡਰ ਅਤੇ ਭੈਅ ਵਿੱਚ ਘਿਰਿਆ ਹਿੰਦੀ ਸਿਨੇਮਾ ਦਾ ਲਾਣਾ ਉਕਤ ਸੰਬੰਧੀ ਅਪਣੀ ਕੋਈ ਵੀ ਪ੍ਰਕਿਰਿਆ ਦੇਣੋ ਪ੍ਰਹੇਜ਼ ਕਰ ਰਿਹਾ ਹੈ।
ਫਰਵਰੀ 2024 'ਚ ਕਾਂਗਰਸ ਛੱਡ ਕੇ ਅਜੀਤ ਪਵਾਰ ਦੀ ਐਨਸੀਪੀ ਪਾਰਟੀ ਵਿੱਚ ਸ਼ਾਮਲ ਹੋਏ ਬਾਬਾ ਸਿੱਦੀਕੀ ਕਾਫ਼ੀ ਖੁਸ਼ਮਿਜਾਜ਼ ਅਤੇ ਸਾਊ ਸ਼ਖਸੀਅਤ ਵਜੋਂ ਮੰਨੇ ਜਾਂਦੇ ਹਨ, ਜਿੰਨ੍ਹਾਂ ਨੂੰ ਬਾਲੀਵੁੱਡ ਦੀ ਹਰ ਹਸਤੀ ਚਾਹੇ ਉਹ ਐਕਟਰਜ਼ ਹੋਣ ਜਾਂ ਫਿਰ ਨਿਰਮਾਤਾ ਅਤੇ ਨਿਰਦੇਸ਼ਕ ਪੂਰਾ ਆਦਰ ਮਾਣ ਦਿੰਦੇ ਸਨ, ਜਿੰਨ੍ਹਾਂ ਪ੍ਰਤੀ ਇਸੇ ਪਿਆਰ ਸਨੇਹ ਦੇ ਚੱਲਦਿਆਂ ਬਾਲੀਵੁੱਡ ਦੇ ਪੂਰੇ ਕੰਮਕਾਜ ਅੱਜ ਠੱਲ੍ਹ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਮੁੰਬਈ ਦੀ ਚਕਾਚੌਂਧ ਭਰੀ ਦੁਨੀਆ ਦਾ ਖਾਸ ਹਿੱਸਾ ਰਹੇ ਬਾਬਾ ਸਿੱਦੀਕੀ ਦੇ ਇਸ ਕਤਲ ਪਿੱਛੇ ਕਥਿਤ ਰੂਪ ਵਿੱਚ ਲਾਰੈਂਸ ਬਿਸ਼ਨੋਈ ਦਾ ਹੱਥ ਮੰਨਿਆ ਜਾ ਰਿਹਾ ਹੈ, ਜਿਸ ਦਾ ਕਾਰਨ ਸਲਮਾਨ ਖਾਨ ਨਾਲ ਉਸ ਦੀ ਦੁਸ਼ਮਣੀ ਅਤੇ ਬਾਬਾ ਸਿੱਦੀਕੀ ਦੀ ਸਲਮਾਨ ਖਾਨ ਨਾਲ ਗੂੜੀ ਦੋਸਤੀ ਨੂੰ ਵੀ ਮੰਨਿਆ ਜਾ ਰਿਹਾ ਹੈ।
ਕਾਬਲੇਗੌਰ ਇਹ ਵੀ ਹੈ ਕਿ ਸਲਮਾਨ ਖਾਨ ਨਾਲ ਨੇੜਤਾ ਰੱਖਣ ਵਾਲੇ ਪੰਜਾਬੀ ਸਟਾਰ ਗਿੱਪੀ ਗਰੇਵਾਲ ਅਤੇ ਸਿੰਗਰ ਏਪੀ ਢਿੱਲੋਂ ਵੀ ਲਾਰੈਂਸ ਦੇ ਨਿਸ਼ਾਨੇ ਉਪਰ ਆ ਚੁੱਕੇ ਹਨ, ਜਿਸ ਤੋਂ ਬਾਅਦ ਜਿਆਦਾ ਗੰਭੀਰ ਖਾਮਿਆਜ਼ਾ ਬਾਬਾ ਸਿੱਦੀਕੀ ਨੂੰ ਭੁਗਤਣਾ ਪਿਆ ਹੈ ਅਤੇ ਇਹੀ ਕਾਰਨ ਹੈ ਕਿ ਸਲਮਾਨ ਖਾਨ ਨਾਲ ਨੇੜਲੇ ਤੌਰ ਉਤੇ ਜੁੜੀਆਂ ਫਿਲਮੀ ਸ਼ਖਸ਼ੀਅਤਾਂ ਵਿੱਚ ਜਿਆਦਾ ਦਹਿਸ਼ਤ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ: