ਮੁੰਬਈ (ਬਿਊਰੋ):ਬਾਲੀਵੁੱਡ ਦੇ 'ਸਿੰਘਮ' ਅਜੇ ਦੇਵਗਨ ਡਰਾਉਣੀ-ਅਲੌਕਿਕ ਫਿਲਮ 'ਸ਼ੈਤਾਨ' ਨਾਲ ਧਮਾਕਾ ਮਚਾਉਣ ਤੋਂ ਬਾਅਦ ਹੁਣ ਲਵ ਸਟੋਰੀ ਫਿਲਮ 'ਔਰੋਂ ਮੇਂ ਕਹਾਂ ਦਮ ਥਾ' ਨਾਲ ਪ੍ਰਸ਼ੰਸਕਾਂ 'ਚ ਪਿਆਰ ਦੀ ਤੜਪ ਲੈ ਕੇ ਆ ਰਹੇ ਹਨ।
'ਔਰੋਂ ਮੇਂ ਕਹਾਂ ਦਮ ਥਾ' ਦਾ ਟ੍ਰੇਲਰ ਅੱਜ 13 ਜੂਨ ਨੂੰ ਰਿਲੀਜ਼ ਹੋ ਗਿਆ ਹੈ। 'ਔਰੋਂ ਮੇਂ ਕਹਾਂ ਦਮ ਥਾ' ਇੱਕ ਪ੍ਰੇਮ ਕਹਾਣੀ ਵਾਲੀ ਫਿਲਮ ਹੈ, ਜਿਸ 'ਚ ਅਜੇ ਦੇਵਗਨ ਆਪਣੀ ਸਭ ਤੋਂ ਚੰਗੀ ਦੋਸਤ ਤੱਬੂ ਨਾਲ ਨਜ਼ਰ ਆਉਣਗੇ। ਇਸ ਤੋਂ ਪਹਿਲਾਂ 31 ਮਈ ਨੂੰ ਫਿਲਮ ਦਾ ਇੱਕ ਸ਼ਾਨਦਾਰ ਅਤੇ ਪਿਆਰ ਭਰਿਆ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ 'ਚ ਅਜੇ ਅਤੇ ਤੱਬੂ ਵਿਚਾਲੇ ਪਿਆਰ ਭਰਿਆ ਪਲ ਦੇਖਣ ਨੂੰ ਮਿਲਿਆ ਸੀ।
ਵਿਛੜੇ ਹੋਏ ਪਿਆਰ ਦੀ ਕਹਾਣੀ ਹੈ ਔਰੋਂ ਮੇਂ ਕਹਾਂ ਦਮ ਥਾ:'ਔਰੋਂ ਮੇਂ ਕਹਾਂ ਦਮ ਥਾ' ਦੇ 3.05 ਮਿੰਟ ਦੇ ਟ੍ਰੇਲਰ ਵਿੱਚ ਪਿਆਰ, ਕਤਲ, ਵਿਛੋੜੇ ਅਤੇ ਮੁੜ ਮਿਲਣ ਦਾ ਦਰਦ ਲੁਕਿਆ ਹੋਇਆ ਹੈ। ਅਜੇ ਅਤੇ ਤੱਬੂ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਕ੍ਰਿਸ਼ਨਾ ਦੇ ਕਿਰਦਾਰ 'ਚ ਅਜੈ ਉਸ ਦੇ ਪਿਆਰ ਦੇ ਰਾਹ 'ਚ ਆਉਣ ਵਾਲੇ ਕਿਸੇ ਵਿਅਕਤੀ ਨੂੰ ਮਾਰ ਦਿੰਦਾ ਹੈ, ਜਿਸ ਕਾਰਨ ਉਸ ਨੂੰ 22 ਸਾਲ ਜੇਲ ਕੱਟਣੀ ਪੈਂਦੀ ਹੈ। ਇਸ ਦੇ ਨਾਲ ਹੀ ਇੰਨ੍ਹਾਂ 22 ਸਾਲਾਂ ਦੌਰਾਨ ਤੱਬੂ ਅਭਿਜੀਤ (ਜਿੰਮੀ ਸ਼ੇਰਗਿੱਲ) ਨਾਲ ਵਿਆਹ ਕਰਵਾ ਕੇ ਆਪਣਾ ਘਰ ਬਣਾ ਲੈਂਦੀ ਹੈ ਅਤੇ ਫਿਰ ਜਦੋਂ ਅਜੇ 22 ਸਾਲਾਂ ਬਾਅਦ ਜੇਲ ਤੋਂ ਰਿਹਾਅ ਹੁੰਦਾ ਹੈ ਤਾਂ ਉਸ ਦੇ ਦਿਲ ਵਿੱਚ ਅਜੇ ਵੀ ਤੱਬੂ ਲਈ ਪਿਆਰ ਹੈ ਅਤੇ ਤੱਬੂ ਵੀ ਉਸ ਨੂੰ ਪਿਆਰ ਕਰਦੀ ਹੈ। ਇਨ੍ਹਾਂ 22 ਸਾਲਾਂ ਦੌਰਾਨ ਉਹ ਆਪਣੇ ਕ੍ਰਿਸ਼ਨਾ (ਅਜੇ) ਨੂੰ ਭੁੱਲ ਨਹੀਂ ਸਕੀ।