ਚੰਡੀਗੜ੍ਹ:ਦਿਲਜੀਤ ਦੁਸਾਂਝ ਦਾ ਕੰਸਰਟ ਚੰਡੀਗੜ੍ਹ ਸ਼ਹਿਰ ਵਿੱਚ ਸਖ਼ਤ ਸੁਰੱਖਿਆ ਵਿਚਕਾਰ ਕਰਵਾਇਆ ਗਿਆ। ਅਜਿਹੇ 'ਚ ਸੂਬੇ ਤੋਂ ਬਾਹਰੋਂ ਵੀ ਦਿਲਜੀਤ ਦੇ ਪ੍ਰਸ਼ੰਸਕ ਚੰਡੀਗੜ੍ਹ ਪਹੁੰਚੇ। ਚੰਡੀਗੜ੍ਹ ਪੁਲਿਸ ਨੇ ਸਮਾਗਮ ਵਾਲੀ ਥਾਂ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ।
ਹੁਣ ਇਸ ਸ਼ੋਅ ਦਾ ਇੱਕ ਵੀਡੀਓ ਲਗਾਤਾਰ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪੱਗਾਂ ਬੰਨ੍ਹੀ ਕੁੱਝ ਮੁੰਡੇ ਰੁੱਖ਼ ਉਤੇ ਚੜ੍ਹ ਕੇ ਦੁਸਾਂਝ ਦਾ ਕੰਸਰਟ ਦੇਖ ਰਹੇ ਹਨ ਅਤੇ ਮਜ਼ਾ ਲੈ ਰਹੇ ਹਨ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਪ੍ਰਸ਼ੰਸਕਾਂ ਦਾ ਉਤਸ਼ਾਹ ਦੇਖਿਆ ਜਾ ਸਕਦਾ ਹੈ।
ਵੀਡੀਓ ਦੇਖ ਕੇ ਕੀ ਬੋਲੇ ਯੂਜ਼ਰਸ
ਹੁਣ ਇਸ ਵੀਡੀਓ ਨੂੰ ਦੇਖਕੇ ਦਰਸ਼ਕ ਵੀ ਕਾਫੀ ਪਿਆਰ ਦੇ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਪੰਜਾਬੀ ਦਰਖ਼ੱਤਾਂ ਉਤੇ ਚੜ੍ਹ ਗਏ ਓਏ।' ਇੱਕ ਹੋਰ ਨੇ ਲਿਖਿਆ, 'ਥੱਲੇ ਡਿੱਗ ਕੇ ਹੱਡੀ ਨਾ ਤੁੜਵਾ ਲੈਣਾ।' ਇੱਕ ਹੋਰ ਨੇ ਲਿਖਿਆ, 'ਹਾਹਾਹਾ ਬਾਂਦਰ ਬਣ ਗਏ, ਦਿਲਜੀਤ ਦੇ ਰੀਅਲ ਫੈਨ ਇਹੀ ਨੇ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਦੇ ਲਾਲ ਦਿਲ ਦਾ ਇਮੋਜੀ ਅਤੇ ਹੱਸਣ ਵਾਲੇ ਇਮੋਜੀ ਸਾਂਝੇ ਕੀਤੇ ਹਨ। ਇਸ ਤੋਂ ਇਲਾਵਾ ਰੁੱਖ਼ਾਂ ਉਤੇ ਚੜ੍ਹੇ ਵਿਅਕਤੀਆਂ ਦੇ ਪੁਲਿਸ ਡੰਡੇ ਮਾਰਦੀ ਨਜ਼ਰੀ ਪੈ ਰਹੀ ਹੈ।
ਇਸ ਦੌਰਾਨ ਜੇਕਰ ਗਾਇਕ ਦੇ ਕੰਸਰਟ ਬਾਰੇ ਗੱਲ ਕਰੀਏ ਤਾਂ ਚੰਡੀਗੜ੍ਹ ਪੁਲਿਸ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੇ ਸ਼ਹਿਰ ਵਿੱਚ ਹੋਣ ਵਾਲੇ ਬਹੁਤ ਹੀ ਚਰਚਿਤ ਕੰਸਰਟ ਤੋਂ ਪਹਿਲਾਂ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਸੀ। ਸਥਾਨਕ ਪੁਲਿਸ ਨੇ ਸਮਾਰੋਹ ਸਥਾਨ ਦੇ ਅੰਦਰ ਸਮੇਤ ਜਨਤਕ ਖੇਤਰਾਂ ਵਿੱਚ ਸਿਗਰਟਨੋਸ਼ੀ ਅਤੇ ਸ਼ਰਾਬ ਪੀਣ 'ਤੇ ਪਾਬੰਦੀ ਲਗਾ ਦਿੱਤੀ ਸੀ। ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ: