ਚੰਡੀਗੜ੍ਹ: ਕਿਹਾ ਜਾਂਦਾ ਹੈ ਮਸ਼ਹੂਰ ਹੋਣ ਲਈ ਵੀ ਕੋਈ ਨਾ ਕੋਈ ਕੀਮਤ ਦੇਣੀ ਪੈਂਦੀ ਹੈ। ਮਸ਼ਹੂਰ ਹੋਣ ਤੋਂ ਬਾਅਦ ਲੱਖਾਂ ਪ੍ਰਸ਼ੰਸਕਾਂ ਦੇ ਨਾਲ-ਨਾਲ ਕੁੱਝ ਦੁਸ਼ਮਣ ਵੀ ਬਣ ਜਾਂਦੇ ਹਨ। ਇਸੇ ਤਰ੍ਹਾਂ ਅੱਜ ਪਾਲੀਵੁੱਡ ਗਲਿਆਰੇ ਵਿੱਚ ਇੱਕ ਅਜਿਹੀ ਖਬਰ ਆਈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਦਰਅਸਲ, ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਫਾਈਰਿੰਗ ਹੋਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਏਪੀ ਢਿੱਲੋਂ ਪਹਿਲੇ ਅਜਿਹੇ ਕਲਾਕਾਰ ਨਹੀਂ ਹਨ, ਜਿੰਨ੍ਹਾਂ ਉਤੇ ਅਜਿਹਾ ਹਮਲਾ ਕੀਤਾ ਗਿਆ ਹੈ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਗਾਇਕਾਂ ਉਤੇ ਜਾਨਲੇਵਾ ਹਮਲੇ ਹੋ ਚੁੱਕੇ ਹਨ। ਇਸ ਵਿੱਚ ਕਰਨ ਔਜਲਾ ਅਤੇ ਮਨਕੀਰਤ ਔਲਖ ਵਰਗੇ ਕਲਾਕਾਰਾਂ ਦੇ ਨਾਂਅ ਸ਼ਾਮਲ ਹਨ।
ਕਰਨ ਔਜਲਾ: ਇਸ ਸਟੋਰੀ ਵਿੱਚ ਸਭ ਤੋਂ ਪਹਿਲਾਂ ਨਾਂਅ ਆਉਂਦਾ ਹੈ ਗਾਇਕ ਕਰਨ ਔਜਲਾ ਦਾ, ਜੋ ਕਿਸੇ ਸਮੇਂ ਸਿੱਧੂ ਦੇ ਬਹੁਤ ਕਰੀਬੀ ਸਨ। ਕਰਨ ਔਜਲਾ 'ਤੇ ਕੈਨੇਡਾ 'ਚ ਜਾਨਲੇਵਾ ਹਮਲਾ ਹੋਇਆ ਸੀ। ਹਾਲਾਂਕਿ, ਇਹ ਖੁਸ਼ਕਿਸਮਤੀ ਰਹੀ ਕਿ ਉਹ ਇਸ ਹਮਲੇ ਤੋਂ ਬਚ ਗਏ। ਸਿੱਧੂ ਵਾਂਗ ਹੀ ਕਿਸੇ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਪਰਮੀਸ਼ ਵਰਮਾ:ਗੀਤ 'ਗਾਲ਼ ਨੀ ਕੱਢਨੀ' ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾਂ ਬਣਾਉਣ ਵਾਲੇ ਗਾਇਕ ਪਰਮੀਸ਼ ਵਰਮਾ 'ਤੇ 2018 'ਚ ਮੋਹਾਲੀ 'ਚ ਹਮਲਾ ਕੀਤਾ ਸੀ ਪਰ ਉਹ ਖੁਸ਼ਕਿਸਮਤ ਸਨ ਕਿ ਗੋਲੀ ਉਨ੍ਹਾਂ ਦੇ ਗੋਡੇ 'ਚ ਲੱਗੀ ਅਤੇ ਉਨ੍ਹਾਂ ਦੀ ਜਾਨ ਬਚ ਗਈ। ਇੱਕ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਸੀ।
ਗੁਰੂ ਰੰਧਾਵਾ: ਪੰਜਾਬ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ 'ਤੇ ਉਨ੍ਹਾਂ ਦੇ ਕੰਸਰਟ ਦੌਰਾਨ ਹਮਲਾ ਹੋਇਆ ਸੀ। ਹਾਲਾਂਕਿ, ਇਸ ਨੂੰ ਘਾਤਕ ਹਮਲਾ ਨਹੀਂ ਕਿਹਾ ਜਾ ਸਕਦਾ। ਰਿਪੋਰਟਾਂ ਮੁਤਾਬਕ ਗੁਰੂ ਰੰਧਾਵਾ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਵੈਨਕੂਵਰ ਦੇ ਕਵੀਨ ਐਲਿਜ਼ਾਬੈਥ ਥੀਏਟਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਗਾਇਕ ਦੇ ਸਿਰ ਦੇ ਪਿਛਲੇ ਪਾਸੇ ਸੱਟ ਲੱਗੀ ਸੀ, ਜਦੋਂ ਉਹ ਥੀਏਟਰ ਤੋਂ ਬਾਹਰ ਜਾ ਰਿਹਾ ਸੀ।