ਅੰਮ੍ਰਿਤਸਰ: ਅੱਜ ਇੱਕ ਸਨਾਤਨ ਧਰਮੀ ਵਫ਼ਦ ਪਾਕਿਸਤਾਨ ਤੋਂ ਕਈ ਭਾਰਤੀਆਂ ਦੀਆਂ ਅਸਥੀਆਂ ਲੈ ਕੇ ਭਾਰਤ ਪਹੁੰਚਿਆ। ਇਹ ਵਫ਼ਦ ਅਟਾਰੀ ਵਾਹਘਾ ਬਾਰਡਰ ਤੋਂ ਰੇਲ ਗੱਡੀ ਦੇ ਰਸਤੇ ਹਰਿਦੁਆਰ ਜਾ ਕੇ ਪੂਰੇ ਰੀਤੀ ਰਿਵਾਜਾਂ ਦੇ ਨਾਲ ਗੰਗਾ ਵਿੱਚ ਅਸਥੀਆ ਨੂੰ ਵਿਸਰਜਿਤ ਕਰੇਗਾ। ਇਸ ਵਾਰ 400 ਲੋਕਾਂ ਦੀਆਂ ਅਸਥੀਆਂ ਉਹ ਲੈ ਕੇ ਆਏ ਹਨ, ਜਿਸ ਵਿੱਚ 350 ਸਨਾਤਨ ਧਰਮ ਨਾਲ ਸਬੰਧਿਤ ਲੋਕਾਂ ਦੀਆਂ ਹਨ ਅਤੇ 50 ਸਿੱਖ ਪਰਿਵਾਰ ਨਾਲ ਸਬੰਧਿਤ ਹਨ। ਇਹ ਅਸਥੀਆਂ 2011 ਤੋਂ ਲੈ ਕੇ ਜਿੰਨੇ ਲੋਕਾਂ ਦੀ ਉੱਥੇ ਹੁਣ ਤੱਕ ਮੌਤ ਹੋਈ, ਉਨ੍ਹਾਂ ਦੀਆਂ ਹਨ।
30 ਦਿਨ ਦੇ ਵੀਜ਼ੇ ਉੱਤੇ ਆਇਆ ਪਰਿਵਾਰ
ਪਾਕਿਸਤਾਨ ਤੋਂ ਅਸਥੀਆਂ ਲੈ ਕੇ ਭਾਰਤ ਪਹੁੰਚੇ ਰਾਮਨਾਥ ਮਹਾਰਾਜ ਨੇ ਦੱਸਿਆ ਕਿ ਸਨਾਤਨ ਧਰਮ ਦੀ ਰੀਤੀ ਰਿਵਾਜ਼ ਦੇ ਅਨੁਸਾਰ ਇਹ ਸਾਰੀਆਂ ਅਸਥੀਆਂ ਗੰਗਾ ਮਈਆ ਵਿੱਚ ਵਿਸਰਜਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 15 ਦਿਨ ਪਹਿਲਾਂ ਅੰਤਿਮ ਰਸਮਾਂ ਮੁਤਾਬਿਕ ਦਿੱਲੀ ਦੇ ਨਿਗਮ ਘਾਟ ਉੱਤੇ ਪੂਜਾ ਕੀਤੀ ਜਾਵੇਗੀ। ਉਸ ਤੋਂ ਬਾਅਦ ਇਹ ਅਸਥੀਆਂ 21 ਫ਼ਰਵਰੀ ਨੂੰ ਸਤੀ ਘਾੜ ਅਤੇ ਗੰਗਾ ਵਿੱਚ ਵਿਸਰਜਿਤ ਕੀਤੀਆਂ ਜਾਣਗੀਆਂ।
ਕੋਈ ਸੜਕ ਹਾਦਸੇ ਦਾ ਸ਼ਿਕਾਰ ਹੋਇਆ, ਕਿਸੇ ਦੀ ਕੁਦਰਤੀ ਮੌਤ ਹੈ, ਕਈ ਬੱਚੇ ਹਨ ਅਤੇ ਕਈ ਪੁਰਾਣੇ ਸ਼ਹੀਦ ਹਨ, ਜਿਨ੍ਹਾਂ ਦੀਆਂ ਅਸਥੀਆਂ ਨਹੀਂ ਪਹੁੰਚ ਸਕੀਆਂ। ਉਹ ਸ਼ਰਾਧ ਪਿੱਤਰ ਸਮੇਂ ਅਸਥੀਆਂ ਪ੍ਰਵਾਹ ਕਰਨੀਆਂ ਸੀ ਪਰ ਸਾਨੂੰ ਉਸ ਸਮੇਂ ਵੀਜ਼ਾ ਨਹੀਂ ਮਿਲਿਆ। ਸਰਕਾਰ ਨੂੰ ਵੀ ਅਪੀਲ ਹੈ ਕਿ ਅਜਿਹੇ ਕੰਮ ਲਈ ਵੀਜ਼ਾ ਸਹੀ ਸਮੇਂ ਦਿੱਤਾ ਜਾਵੇ ਤਾਂ ਜੋ ਪਿੱਤਰ ਸ਼ਰਾਧ ਮੌਕੇ ਇਹ ਅੰਤਿਮ ਰਸਮ ਕੀਤੀ ਜਾ ਸਕੇ। ਇਸ ਤਰੀਕੇ ਨਾਲ ਤੀਜੀ ਵਾਰ ਭਾਰਤ ਅਸਥੀਆਂ ਲੈ ਕੇ ਪਹੁੰਚੇ ਹਾਂ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿੱਚ ਮਰੇ ਭਾਰਤੀਆਂ ਦੀਆਂ ਅਸਥੀਆਂ ਭਾਰਤ ਲਿਆ ਕੇ ਗੰਗਾ ਵਿੱਚ ਪ੍ਰਵਾਹ ਕੀਤੀਆਂ ਗਈਆਂ ਸਨ।
- ਰਾਮਨਾਥ ਮਹਾਰਾਜ, ਪਾਕਿਸਤਾਨ ਤੋਂ ਅਸਥੀਆ ਲੈ ਕੇ ਆਏ
ਇਸ ਤੋਂ ਪਹਿਲਾਂ 2 ਵਾਰ ਪਾਕਿਸਤਾਨ ਤੋਂ ਅਸਥੀਆਂ ਲੈ ਕੇ ਭਾਰਤ ਪਹੁੰਚੇ
ਰਾਮਨਾਥ ਮਹਾਰਾਜ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ 2016 ਅਤੇ 2011 ਵਿੱਚ ਅਸਥੀਆਂ ਲੈ ਕੇ ਆਏ ਸੀ ਤਾਂ ਉਸ ਤੋਂ ਬਾਅਦ ਹੁਣ ਅਸਥੀਆ ਲੈ ਕੇ ਆਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਅਸਥੀਆਂ ਪ੍ਰਵਾਹ ਕਰਨ ਲਈ ਵੀਜ਼ਾ ਦੇਣ ਸਬੰਧੀ ਨਰਮੀ ਦਿੱਤੀ ਜਾਵੇ ਤਾਂ ਜੋ ਅਸਥੀਆਂ ਪ੍ਰਵਾਹ ਕਰਨ ਲਈ ਕਈ-ਕਈ ਸਾਲ ਨਾ ਲੱਗਣ ਅਤੇ ਅਸਥੀਆਂ ਸਹੀ ਸਮੇਂ ਪਿੱਤਰ ਸ਼ਰਾਧ ਮੌਕੇ ਇਹ ਰਸਮ ਹੋ ਸਕੇ।
ਹਰਿਦੁਆਰ ਜਾ ਕੇ ਹੋਵੇਗੀ ਅਗਲੀ ਅੰਤਿਮ ਰਸਮ
ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਸੋਮਵਾਰ ਨੂੰ ਸ਼੍ਰੀ ਰਾਮਨਾਥ ਮਹਾਰਾਜ ਦੀ ਰਹਿਨੁਮਾਈ ਹੇਠ ਬੱਚਿਆਂ ਅਤੇ ਔਰਤਾਂ ਦੇ ਨਾਲ 7 ਦੇ ਕਰੀਬ ਮੈਂਬਰਾਂ ਦਾ ਇੱਕ ਵਫ਼ਦ, ਜੋ ਕਿ ਪਾਕਿਸਤਾਨ ਤੋਂ 400 ਦੇ ਕਰੀਬ ਅਸਥੀਆਂ ਲੈ ਕੇ ਆਇਆ ਪਹੁੰਚਿਆ ਹੈ। ਇਹ ਪਰਿਵਾਰ ਪਾਕਿਸਤਾਨ ਦੇ ਕਰਾਚੀ ਵਿੱਚ ਰਹਿੰਦਾ ਹੈ। ਉਹ ਅਟਾਰੀ ਵਾਹਘਾ ਸਰਹੱਦ ਰਾਹੀਂ ਪੁੱਜੇ ਹਨ। ਉੱਥੋਂ ਇਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਦੇ ਰਸਤੇ ਹਰਿਦੁਆਰ ਲਈ ਰਵਾਨਾ ਹੋਵੇਗਾ।
ਅਰੁਣ ਮਾਹਲ ਨੇ ਕਿਹਾ ਕਿ 2011 ਤੋਂ ਹੁਣ ਤੱਕ ਜਿੰਨੇ ਵੀ ਲੋਕ ਉੱਥੇ ਕਿਸੇ ਬਿਮਾਰੀ ਜਾਂ ਹੋਰ ਕਾਰਣ ਮਰ ਚੁੱਕੇ ਹਨ, ਉਨ੍ਹਾਂ ਦੀਆਂ ਅਸਥੀਆਂ ਲੈ ਕੇ ਇਹ ਇਹ ਭਾਰਤ ਪਹੁੰਚੇ। ਇਨ੍ਹਾਂ ਸਾਰਿਆਂ ਦੀਆਂ ਅਸਥੀਆਂ ਨੂੰ ਨਿਸ਼ਕਾਮ ਸੇਵਾ ਸੰਸਥਾ ਦੇ ਆਗੂ ਰਾਮਨਾਥ ਮਹਾਰਾਜ ਹਰਿਦੁਆਰ ਲੈ ਕੇ ਜਾ ਰਹੇ ਹਨ। ਉੱਥੇ ਗੰਗਾ ਵਿੱਚ ਪੂਰੇ ਰੀਤੀ ਰਿਵਾਜਾਂ ਦੇ ਨਾਲ ਇਨ੍ਹਾਂ ਅਸਥੀਆਂ ਨੂੰ ਪ੍ਰਵਾਹ ਕੀਤਾ ਜਾਵੇਗਾ ਤਾਂ ਕਿ ਇਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ।