ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਗਲੋਬਲੀ ਹੋ ਚੁੱਕੇ ਮੁਹਾਂਦਰੇ ਨੂੰ ਹੋਰ ਵਿਸਥਾਰ ਦੇਣ ਵਿੱਚ ਸਟਾਰ ਅਦਾਕਾਰ ਅਤੇ ਨਿਰਮਾਤਾ ਅਮਰਿੰਦਰ ਗਿੱਲ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵੱਲੋਂ ਪੰਜਾਬੀ ਫਿਲਮਾਂ ਨੂੰ ਨਵੇਂ ਅਯਾਮ ਦੇਣ ਦੀ ਜਾਰੀ ਕਵਾਇਦ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਅਤੇ ਅਨ-ਟਾਈਟਲ ਪੰਜਾਬੀ ਫਿਲਮ, ਜਿਸ ਦੀ ਸ਼ੂਟਿੰਗ ਕਲਕੱਤਾ ਵਿਖੇ ਸ਼ੁਰੂ ਹੋ ਚੁੱਕੀ ਹੈ।
'ਰਿਦਮ ਬੁਆਏਜ਼ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਦੀ ਸ਼ੂਟਿੰਗ ਵਿੱਚ ਹਿੱਸਾ ਲੈਣ ਲਈ ਅਦਾਕਾਰ ਅਮਰਿੰਦਰ ਗਿੱਲ ਕੋਲਕਾਤਾ ਪੁੱਜ ਚੁੱਕੇ ਹਨ, ਜਿੰਨ੍ਹਾਂ ਉਪਰ ਇਸ ਵੀਹ ਰੋਜ਼ਾਂ ਸ਼ੂਟਿੰਗ ਸ਼ੈਡਿਊਲ ਦੌਰਾਨ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਪੂਰਾ ਕੀਤਾ ਜਾਵੇਗਾ।
ਸਾਲ 2023 ਵਿੱਚ ਸਾਹਮਣੇ ਆਈ ਅਤੇ ਪਾਲੀਵੁੱਡ ਦੀਆਂ ਬਿਹਤਰੀਨ ਫਿਲਮਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ 'ਮੌੜ: ਲਹਿੰਦੀ ਰੁੱਤ ਦੇ ਨਾਇਕ' ਤੋਂ ਬਾਅਦ ਅਮਰਿੰਦਰ ਗਿੱਲ ਦੇ ਘਰੇਲੂ ਹੋਮ ਪ੍ਰੋਡੋਕਸ਼ਨ 'ਰਿਦਮ ਬੁਆਏਜ਼ ਇੰਟਰਟੇਨਮੈਂਟ' ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਨੂੰ ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਜਾ ਰਿਹਾ ਹੈ, ਜੋ ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਪਹਿਲੀ ਅਜਿਹੀ ਫਿਲਮ ਹੋਵੇਗੀ, ਜਿਸ ਦਾ ਫਿਲਮਾਂਕਣ ਕੋਲਕਾਤਾ ਵਿਖੇ ਹੋਣ ਜਾ ਰਿਹਾ ਹੈ।