ਚੰਡੀਗੜ੍ਹ:ਹਿੰਦੀ ਅਤੇ ਪੰਜਾਬੀ ਫਿਲਮਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਸਾਊਥ ਦੀਆਂ ਫਿਲਮਾਂ ਵੀ ਪਾਕਿਸਤਾਨੀ ਸਿਨੇਮਾਘਰਾਂ ਵਿੱਚ ਅਪਣਾ ਜਾਦੂ ਦੁਹਰਾਉਣ ਜਾ ਰਹੀਆਂ ਹਨ, ਜਿਸ ਦੇ ਪਹਿਲੇ ਪੜਾਅ ਦਾ ਹਿੱਸਾ ਬਣਨ ਲਈ ਕਾਫ਼ੀ ਵੱਡੀਆਂ ਫਿਲਮਾਂ ਤਿਆਰ ਹਨ, ਜੋ ਜਲਦ ਲਹਿੰਦੇ ਪੰਜਾਬ ਦੇ ਸਿਨੇਮਾਘਰਾਂ ਵਿੱਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣਗੀਆਂ।
ਚੜ੍ਹਦੇ ਪੰਜਾਬ ਦੀਆਂ ਹਾਲ ਹੀ ਵਿੱਚ ਰਿਲੀਜ਼ ਹੋਈਆਂ ਕਈ ਫਿਲਮਾਂ ਪਾਕਿ ਸਿਨੇਮਾਘਰਾਂ ਵਿੱਚ ਕਾਮਯਾਬੀ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀਆਂ ਹਨ, ਜਿਸ ਵਿੱਚ 'ਜੱਟ ਐਂਡ ਜੂਲੀਅਟ 3', 'ਦਾਰੂ ਨਾਂ ਪੀਂਦਾ ਹੋਵੇ' ਅਤੇ 'ਕੁੜੀ ਹਰਿਆਣੇ ਵੱਲ ਦੀ' ਆਦਿ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਮੰਦੜ੍ਹੇ ਹਾਲਾਤਾਂ ਦਾ ਸ਼ਿਕਾਰ ਹੋ ਰਹੇ ਅਤੇ ਪਤਨ ਵੱਲ ਵੱਧਦੀ ਜਾ ਰਹੀ ਇਸ ਸਿਨੇਮਾ ਜਗਤ ਨੂੰ ਮੁੜ ਸੁਰਜੀਤੀ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।
ਪਾਕਿਸਤਾਨ ਪੰਜਾਬ ਸੈਂਸਰ ਬੋਰਡ ਦੇ ਹਵਾਲੇ ਨਾਲ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਹਿੰਦੀ, ਪੰਜਾਬੀ ਤੋਂ ਬਾਅਦ ਸਾਊਥ ਫਿਲਮਾਂ ਨੂੰ ਇੱਧਰ ਰਿਲੀਜ਼ ਕੀਤੇ ਜਾਣ ਸੰਬੰਧੀ ਕਵਾਇਦ ਸ਼ੁਰੂ ਹੋ ਚੁੱਕੀ ਹੈ, ਪਰ ਇਸ ਮੱਦੇਨਜ਼ਰ ਕੁਝ ਮਾਪਦੰਡ ਵੀ ਨਿਰਧਾਰਿਤ ਕੀਤੇ ਗਏ ਹਨ, ਜਿਸ ਅਧੀਨ ਫਿਲਮਾਂ ਕੇਵਲ ਉਹੀ ਸਾਹਮਣੇ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿੰਨ੍ਹਾਂ ਨੂੰ ਫੈਡਰਲ ਗੌਰਮਿੰਟ ਅਪਣੀ ਮਨਜ਼ੂਰੀ ਦੇਵੇਗੀ, ਜਿਸ ਤੋਂ ਇਲਾਵਾ ਇੰਨ੍ਹਾਂ ਦੇ ਡਿਸਟ੍ਰੀਬਿਊਟਰਜ਼ ਦਾ ਇੰਟਰਨੈਸ਼ਨਲ ਮਾਰਕੀਟ ਦਾ ਹਿੱਸਾ ਹੋਣਾ ਵੀ ਲਾਜ਼ਮੀ ਹੋਵੇਗਾ, ਹਾਲਾਂਕਿ ਭਾਰਤੀ ਡਿਸਟ੍ਰੀਬਿਊਟਰਜ਼ ਸਿੱਧੇ ਰੂਪ ਵਿੱਚ ਇੱਧਰ ਫਿਲਮਾਂ ਰਿਲੀਜ਼ ਨਹੀਂ ਕਰ ਸਕਣਗੇ।