ਚੰਡੀਗੜ੍ਹ: ਪਾਲੀਵੁੱਡ ਵਿੱਚ ਬਿਹਤਰੀਨ ਐਕਟਰ ਵਜੋਂ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ ਅਦਾਕਾਰ ਸੋਨਪ੍ਰੀਤ ਜਵੰਦਾ, ਜੋ ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ 'ਫ਼ਰਲੋ' ਦੁਆਰਾ ਇੱਕ ਵਾਰ ਮੁੜ ਦਰਸ਼ਕਾਂ ਅਤੇ ਅਪਣੇ ਪ੍ਰਸ਼ੰਸਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਪ੍ਰਭਾਵੀ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਕਰਵਾਉਂਦੀ ਇਹ ਫਿਲਮ ਜਲਦ ਰਿਲੀਜ਼ ਹੋਣ ਜਾ ਰਹੀ ਹੈ।
'ਰਾਊਂਡ ਸੁਕੇਅਰ ਪ੍ਰੋਡੋਕਸ਼ਨ' ਅਤੇ 'ਗੁਰਪ੍ਰੀਤ ਘੁੱਗੀ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਵਿਕਰਮ ਗਰੋਵਰ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਸਨ ਆਫ ਮਨਜੀਤ ਸਿੰਘ' ਜਿਹੀ ਅਰਥ-ਭਰਪੂਰ ਫਿਲਮ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।
ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਰੋਡੇ ਕਾਲਜ' ਦਾ ਵੀ ਅਹਿਮ ਹਿੱਸਾ ਰਹੇ ਹਨ ਬਹੁ-ਪੱਖੀ ਅਦਾਕਾਰ ਸੋਨਪ੍ਰੀਤ ਜਵੰਦਾ, ਜਿੰਨ੍ਹਾਂ ਵੱਲੋਂ ਅਪਣੀ ਉਕਤ ਫਿਲਮ ਵਿੱਚ ਮੰਨੇ-ਪ੍ਰਮੰਨੇ ਐਕਟਰਜ਼ ਨਾਲ ਕਾਫ਼ੀ ਮਹੱਤਵਪੂਰਨ ਭੂਮਿਕਾ ਨੂੰ ਅੰਜ਼ਾਮ ਦਿੱਤਾ ਗਿਆ ਹੈ, ਜਿਸ ਵਿੱਚ ਗੁਰਪ੍ਰੀਤ ਘੁੱਗੀ, ਹਨੀ ਮੱਟੂ, ਮਨਵੀਰ ਰਾਏ, ਜਸਵੰਤ ਸਿੰਘ ਰਾਠੌਰ, ਹਰਜੀਤ ਵਾਲੀਆ ਆਦਿ ਸ਼ੁਮਾਰ ਹਨ।