ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਅਗਾਮੀ ਅਰਥ-ਭਰਪੂਰ ਅਤੇ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾ ਰਹੀ 'ਫ਼ਰਲੋ' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਪਹਿਲਾਂ ਲੁੱਕ ਅੱਜ ਜਾਰੀ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਰਾਊਡ ਸਕੇਅਰ ਪ੍ਰੋਡੋਕਸ਼ਨ' ਅਤੇ 'ਗੁਰਪ੍ਰੀਤ ਘੁੱਗੀ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਦਿਲਚਸਪ-ਡਰਾਮਾ ਫਿਲਮ ਦਾ ਨਿਰਦੇਸ਼ਨ ਵਿਕਰਮ ਗਰੋਵਲ ਵੱਲੋਂ ਕੀਤਾ ਗਿਆ ਹੈ, ਜੋ ਇਸ ਅਲਹਦਾ ਕੰਟੈਂਟ ਪੰਜਾਬੀ ਫਿਲਮ ਨਾਲ ਬਤੌਰ ਨਿਰਦੇਸ਼ਕ ਪਾਲੀਵੁੱਡ 'ਚ ਇੱਕ ਹੋਰ ਪ੍ਰਭਾਵੀ ਪਾਰੀ ਦੇ ਆਗਾਜ਼ ਵੱਲ ਵਧਣ ਜਾ ਰਹੇ ਹਨ।
ਨਿਰਮਾਤਾ ਗੁਰਪ੍ਰੀਤ ਘੁੱਗੀ ਅਤੇ ਕੁਲਜੀਤ ਕੌਰ ਦੁਆਰਾ ਨਿਰਮਿਤ ਕੀਤੀ ਗਈ ਇਸ ਫਿਲਮ ਦਾ ਲੇਖ ਗੁਰਲਵ ਸਿੰਘ ਰਟੌਲ ਅਤੇ ਪਰਵਿੰਦਰ ਸਿੰਘ ਦੁਆਰਾ ਕੀਤਾ ਗਿਆ ਹੈ, ਜੋ ਇੰਨੀਂ ਦਿਨੀਂ ਲੇਖਕ ਜੋੜੀ ਦੇ ਰੂਪ ਵਿੱਚ ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਚੌਖੀ ਭੱਲ ਕਾਇਮ ਕਰਦੇ ਜਾ ਰਹੇ ਹਨ।