ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਅਦਾਕਾਰ ਮਜ਼ਬੂਤ ਪੈੜਾਂ ਅਤੇ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਰਾਣਾ ਜੰਗ ਬਹਾਦਰ, ਜੋ ਆਪਣੇ ਸ਼ੁਰੂਆਤੀ ਪੜਾਅ ਦਾ ਅਹਿਮ ਹਿੱਸਾ ਰਹੇ ਨਾਟਕ ਅਤੇ ਸਾਹਿਤ ਖੇਤਰ ਵਿੱਚ ਵੀ ਮੁੜ ਸਰਗਰਮ ਹੁੰਦੇ ਜਾ ਰਹੇ ਹਨ, ਜਿਸ ਦਾ ਹੀ ਭਲੀਭਾਂਤ ਪ੍ਰਗਟਾਵਾ ਕਰਵਾ ਰਹੀ ਹੈ ਉਨ੍ਹਾਂ ਦੀ ਨਵੀਂ ਲੋਕ ਅਰਪਣ ਹੋਈ ਨਾਟ-ਪੁਸਤਕ 'ਚੰਨ ਦਾਗ਼ੀ' ਹੈ, ਜਿਸ ਨੂੰ ਪਾਠਕਾਂ ਦਾ ਚਾਰੇ-ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
'ਸ਼ੁਰਸ਼ਟੀ ਪ੍ਰਕਾਸ਼ਨ' ਵੱਲੋਂ ਪੇਸ਼ ਅਤੇ ਲੋਕ ਅਰਪਣ ਕੀਤੇ ਗਈ ਇਸ ਨਾਟ ਪੁਸਤਕ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਉੱਘੇ ਸਾਹਿਤਕਾਰ ਅਤੇ ਅਦਾਕਾਰ ਰਾਣਾ ਜੰਗ ਬਹਾਦਰ ਦੇ ਅਤਿ ਨੇੜਲੇ ਕਰੀਬੀ ਸਾਥੀ ਜਸਵੀਰ ਸਿੰਘ ਰਾਣਾ ਆਖਦੇ ਹਨ ਮੇਰੇ ਪਿੰਡ ਅਮਰਗੜ੍ਹ, ਜੋ ਰਾਣਾ ਜੰਗ ਬਹਾਦਰ ਦਾ ਵੀ ਪੁਸ਼ਤੈਨੀ ਪਿੰਡ ਹੈ, ਦਾ ਮਾਣ ਵਧਾਉਣ ਵਿੱਚ ਉਨਾਂ ਦਾ ਅਪਾਰ ਯੋਗਦਾਨ ਰਿਹਾ ਹੈ।
ਉਨ੍ਹਾਂ ਇਸੇ ਸੰਬੰਧੀ ਆਪਣੇ ਮਨ ਦੇ ਵਲਵਲਿਆਂ ਦਾ ਇਜ਼ਹਾਰ ਕਰਦਿਆਂ ਅੱਗੇ ਕਿਹਾ ਕਿ ਮੇਰੇ ਸਮੇਤ ਹਰ ਪਿੰਡ ਵਾਸੀ ਹਿੰਦੀ ਪੰਜਾਬੀ ਫਿਲਮਾਂ ਵਿੱਚ ਉਨ੍ਹਾਂ ਦੀ ਕੀਤੀ ਜਾਂਦੀ ਪ੍ਰਭਾਵੀ ਅਦਾਕਾਰੀ ਦਾ ਹਮੇਸ਼ਾ ਕਾਇਲ ਰਿਹਾ ਹੈ। ਉਨਾਂ ਕਿਹਾ ਕਿ ਸਧਾਰਨ ਪਰਿਵਾਰ ਅਤੇ ਇੱਕ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਮਾਇਆਨਗਰੀ ਵਿੱਚ ਨਾਂਅ ਅਤੇ ਮੁਕਾਮ ਬਣਉਣਾ ਆਸਾਨ ਨਹੀਂ ਹੁੰਦਾ, ਪਰ ਆਪਣੇ ਕੁਝ ਕਰ ਗੁਜ਼ਰਣ ਦੇ ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਦੇ ਚੱਲਦਿਆਂ ਇਸ ਹੋਣਹਾਰ ਸ਼ਖਸ਼ੀਅਤ ਨੇ ਆਪਣੇ ਦੇਖੇ ਹਰ ਸੁਫਨੇ ਨੂੰ ਸੱਚ ਕਰ ਵਿਖਾਇਆ ਹੈ।