ਚੰਡੀਗੜ੍ਹ: ਕਾਮੇਡੀ ਅਤੇ ਫਾਰਮੂਲਾ ਫਿਲਮਾਂ ਨਾਲ ਅੋਤ-ਪੋਤ ਰਹੇ ਪੰਜਾਬੀ ਸਿਨੇਮਾ ਦਾ ਮੁਹਾਂਦਰਾ ਅੱਜਕੱਲ੍ਹ ਪੂਰੀ ਤਰ੍ਹਾਂ ਬਦਲਦਾ ਜਾ ਰਿਹਾ ਹੈ, ਜਿਸ ਦਾ ਇਜ਼ਹਾਰ ਹਾਲ ਹੀ ਵਿੱਚ ਅਤੇ ਬੈਕ-ਟੂ-ਬੈਕ ਸਾਹਮਣੇ ਆਈਆਂ 'ਅਰਦਾਸ ਸਰਬੱਤ ਦੇ ਭਲੇ ਦੀ', 'ਬੀਬੀ ਰਜਨੀ', 'ਸੁੱਚਾ ਸੂਰਮਾ', 'ਸ਼ੁਕਰਾਨਾ', 'ਸ਼ਾਹਕੋਟ' ਜਿਹੀਆਂ ਕਈ ਕੰਟੈਂਟ ਆਧਾਰਿਤ ਫਿਲਮਾਂ ਵੀ ਬਾਖੂਬੀ ਕਰਵਾ ਚੁੱਕੀਆਂ ਹਨ।
ਪਾਲੀਵੁੱਡ ਦ੍ਰਿਸ਼ਾਂਵਲੀ ਨੂੰ ਮਾਣਮੱਤੇ ਅਯਾਮ ਦੇ ਰਹੇ ਅਤੇ ਤਰੋ-ਤਾਜ਼ਗੀ ਨਾਲ ਪਰਿਪੂਰਨ ਕਰ ਰਹੇ ਇਸ ਰੁਝਾਨ ਦੇ ਮੱਦੇਨਜ਼ਰ ਆਉਂਦੇ ਦਿਨੀਂ ਸਾਹਮਣੇ ਆਉਣ ਵਾਲੀਆਂ ਅਤੇ ਵੱਖੋ-ਵੱਖਰੇ ਰੰਗਾਂ ਦਾ ਅਨੂਠਾ ਇਜ਼ਹਾਰ ਕਰਵਾਉਂਣ ਜਾ ਰਹੀਆਂ ਪੰਜਾਬੀ ਫਿਲਮਾਂ ਵੱਲ ਆਓ ਮਾਰਦੇ ਹਾਂ ਇੱਕ ਸਰਸਰੀ ਝਾਤ:
ਹੁਸ਼ਿਆਰ ਸਿੰਘ(ਆਪਣਾ ਅਰਸਤੂ):
ਹੁਸ਼ਿਆਰ ਸਿੰਘ(ਆਪਣਾ ਅਰਸਤੂ) 'ਓਮਜੀ ਸਿਨੇ ਵਰਲਡ' ਅਤੇ 'ਸਰਤਾਜ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਜਗਦੀਪ ਵੜਿੰਗ, ਜਦਕਿ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਕਰ ਰਹੇ ਹਨ, ਜਿੰਨ੍ਹਾਂ ਦੀ ਟੀਮ ਦੁਆਰਾ ਅਲਹਦਾ ਸਿਨੇਮਾ ਸਿਰਜਣਾ ਸਾਂਚੇ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਜ਼ੂਦ ਲੈ ਰਹੀ ਉਕਤ ਅਰਥ-ਭਰਪੂਰ ਅਤੇ ਸੰਗੀਤਮਈ ਫਿਲਮ ਵਿੱਚ ਰਾਣਾ ਰਣਬੀਰ, ਸੁਖਵਿੰਦਰ ਰਾਜ ਵੀ ਮਹੱਤਵਪੂਰਨ ਰੋਲ ਪਲੇ ਕਰ ਰਹੇ ਹਨ।
ਸਰਬਾਲ੍ਹਾ ਜੀ:
ਸਰਬਾਲ੍ਹਾ ਜੀ ਬਾਲੀਵੁੱਡ ਦੇ ਨਾਮੀ ਗਿਰਾਮੀ ਫਿਲਮ ਨਿਰਮਾਣ ਹਾਊਸ 'ਟਿਪਸ ਫਿਲਮਜ਼' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਕੁਮਾਰ ਤੁਰਾਨੀ ਜਦਕਿ ਨਿਰਦੇਸ਼ਨ ਮਨਦੀਪ ਕੁਮਾਰ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਪੰਜਾਬ ਦੇ ਠੇਠ ਦੇਸੀ ਰੰਗਾਂ ਵਿੱਚ ਢਾਲੀ ਜਾ ਰਹੀ ਇਸ ਬਿੱਗ ਸੈਟਅੱਪ ਪੰਜਾਬੀ ਫਿਲਮ ਵਿੱਚ ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ, ਨਿਮਰਤ ਖਹਿਰਾ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਸਾਲ 2025 ਦੇ ਮੁੱਢਲੇ ਪੜਾਅ ਦੌਰਾਨ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਣ ਵਾਲੀ ਇਸ ਫਿਲਮ ਵਿੱਚ ਪੁਰਾਤਨ ਪੰਜਾਬ ਦੇ ਕਈ ਰੰਗ ਵੇਖਣ ਨੂੰ ਮਿਲਣਗੇ ਹਨ। ਪੰਜਾਬੀ ਸਿਨੇਮਾ ਦੀਆਂ ਅਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾ ਰਹੀ ਇਸ ਬਿਹਤਰੀਨ ਫਿਲਮ ਦਾ ਲੇਖਨ ਇੰਦਰਜੀਤ ਮੋਗਾ ਕਰ ਰਹੇ ਹਨ, ਜਦਕਿ ਸਿਨੇਮਾਟੋਗ੍ਰਾਫ਼ੀ ਪੱਖ ਨਵਨੀਤ ਮਿਸਰ ਸੰਭਾਲ ਰਹੇ ਹਨ।