ਹੈਦਰਾਬਾਦ:ਕੇਂਦਰ ਦੀ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪੂਰਨ ਬਜਟ 2025 ਪੇਸ਼ ਕਰ ਦਿੱਤਾ ਗਿਆ ਹੈ। ਇਸ ਬਜਟ ਵਿੱਚ ਕਈ ਰਿਆਇਤਾਂ ਦਾ ਐਲਾਨ ਕੀਤਾ ਗਿਆ ਹੈ। ਬਜਟ ਵਿੱਚ ਰੁਜ਼ਗਾਰ ਅਤੇ ਕਿਸਾਨਾਂ ਨੂੰ ਲੈ ਕੇ ਵੱਡੇ ਐਲਾਨ ਕੀਤੇ ਗਏ ਹਨ, ਜਿੱਥੇ 12 ਲੱਖ ਰੁਪਏ ਦੀ ਸਲਾਮਾ ਆਮਦਨ 'ਤੇ ਕੋਈ ਟੈਕਸ ਨਾ ਲਗਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਬਜਟ 2025 ਵਿੱਚ ਕਰੋੜਾਂ ਕਿਸਾਨਾਂ ਨੂੰ ਰਾਹਤ ਵੀ ਦਿੱਤੀ ਗਈ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਸਾਨ ਕ੍ਰੈਡਿਟ ਕਾਰਡ ਦੀ ਲਿਮਟ ਵਧਾ ਦਿੱਤੀ ਹੈ। ਜਾਣਕਾਰੀ ਮੁਤਾਬਿਕ ਹੁਣ ਇਹ ਹੱਦਬੰਦੀ 3 ਲੱਖ ਰੁਪਏ ਤੋਂ ਵਧ ਕੇ 5 ਲੱਖ ਰੁਪਏ ਹੋ ਗਈ ਹੈ। 1 ਫਰਵਰੀ ਨੂੰ ਪੇਸ਼ ਕੀਤੇ ਗਏ ਆਰਥਿਕ ਸਰਵੇਖਣ ਵਿੱਚ ਦੱਸਿਆ ਗਿਆ ਸੀ ਕਿ ਪਿਛਲੇ ਸਾਲ ਮਾਰਚ 2024 ਤੱਕ ਕਿਸਾਨ ਕ੍ਰੈਡਿਟ ਕਾਰਡਾਂ ਦੀ ਗਿਣਤੀ 7 ਕਰੋੜ ਤੋਂ ਵੱਧ ਸੀ ਅਤੇ ਕਰੀਬ 10 ਲੱਖ ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਸਨ।
ਜਾਣੋ ਕਿਸਾਨ ਕ੍ਰੈਡਿਟ ਕਾਰਡ ਕਦੋਂ ਸ਼ੁਰੂ ਹੋਇਆ ?
ਦੱਸ ਦੇਈਏ ਕਿ ਕਿਸਾਨ ਕ੍ਰੈਡਿਟ ਕਾਰਡ ਸਾਲ 1998 ਵਿੱਚ ਨਾਬਾਰਡ ਦੀ ਸਿਫ਼ਾਰਿਸ਼ 'ਤੇ ਸ਼ੁਰੂ ਕੀਤਾ ਗਿਆ ਸੀ। ਇਸ ਯੋਜਨਾ ਦੇ ਤਹਿਤ ਦੇਸ਼ ਭਰ ਦੇ ਕਰੋੜਾਂ ਕਿਸਾਨ ਬੀਜ, ਖਾਦ, ਕੀਟਨਾਸ਼ਕਾਂ ਦੇ ਨਾਲ-ਨਾਲ ਖੇਤੀਬਾੜੀ ਨਾਲ ਸਬੰਧਿਤ ਉਪਕਰਣ ਖਰੀਦ ਸਕਦੇ ਹਨ। ਇਹ ਕਿਸਾਨਾਂ ਲਈ ਬਹੁਤ ਲਾਹੇਵੰਦ ਸਕੀਮ ਹੈ। ਇਸ ਦੇ ਨਾਲ ਹੀ ਹੁਣ ਤੱਕ ਇਸ ਕਾਰਡ ਦੀ ਲਿਮਟ 3 ਲੱਖ ਰੁਪਏ ਸੀ, ਜੋ ਹੁਣ ਵਧ ਕੇ 5 ਲੱਖ ਰੁਪਏ ਹੋ ਗਈ ਹੈ। ਇਸ ਕਰਜ਼ੇ 'ਤੇ ਵਿਆਜ ਦਰ ਵੀ ਘਟਾ ਕੇ 7 ਫੀਸਦੀ ਕਰ ਦਿੱਤੀ ਗਈ ਹੈ। ਇਸ ਯੋਜਨਾ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸਮੇਂ 'ਤੇ ਕਰਜ਼ਾ ਮੋੜਨ ਵਾਲੇ ਕਿਸਾਨਾਂ ਨੂੰ 3 ਫੀਸਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ।
ਕ੍ਰੈਡਿਟ ਕਾਰਡ ਲਈ ਅਪਲਾਈ ਕਿਵੇਂ ਕਰੀਏ ?
- ਕਿਸਾਨ ਕ੍ਰੈਡਿਟ ਕਾਰਡ ਦੇ ਲਾਭਪਾਤਰੀਆਂ ਲਈ ਕੁਝ ਯੋਗਤਾ ਮਾਪਦੰਡ ਹਨ।
- ਅਪਲਾਈ ਕਰਨ ਵਾਲਾ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ 18 ਤੋਂ 75 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
- ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ, ਪੇਂਡੂ ਬੈਂਕਾਂ ਅਤੇ ਸਹਿਕਾਰੀ ਸਭਾਵਾਂ ਤੋਂ ਕਰਜ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ।
- ਜੋ ਕਿਸਾਨ ਕ੍ਰੈਡਿਟ ਕਾਰਡ ਚਾਹੁੰਦੇ ਹਨ, ਉਹ ਔਫਲਾਈਨ ਅਤੇ ਔਨਲਾਈਨ ਦੋਨਾਂ ਢੰਗਾਂ ਰਾਹੀਂ ਅਪਲਾਈ ਕਰ ਸਕਦੇ ਹਨ।
- ਕਿਸਾਨ ਆਪਣੇ ਇਲਾਕੇ ਦੇ ਬੈਂਕ ਵਿੱਚ ਜਾ ਕੇ ਕ੍ਰੈਡਿਟ ਕਾਰਡ ਲਈ ਅਪਲਾਈ ਕਰ ਸਕਦੇ ਹਨ।
- ਅਰਜ਼ੀ ਦੇ ਨਾਲ ਅਧਾਰ, ਪੈਨ ਕਾਰਡ, ਜ਼ਮੀਨ ਦੇ ਦਸਤਾਵੇਜ਼ ਅਤੇ ਪਾਸਪੋਰਟ ਸਾਈਜ਼ ਫੋਟੋ ਸਣੇ ਕਈ ਦਸਤਾਵੇਜ਼ ਜਮ੍ਹਾਂ ਕਰਨੇ ਹੋਣਗੇ।
ਇਸ ਤੋਂ ਇਲਾਵਾ, ਜੇਕਰ ਤੁਸੀਂ ਕਿਸਾਨ ਕ੍ਰੈਡਿਟ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਵੈੱਬਸਾਈਟ ਜਾਂ ਸਬੰਧਿਤ ਬੈਂਕ ਦੀ ਵੈੱਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹੋ। ਦੇਸ਼ ਦੇ ਸਭ ਤੋਂ ਵੱਡੇ ਸਟੇਟ ਬੈਂਕ ਆਫ ਇੰਡੀਆ ਤੋਂ ਕਿਸਾਨ ਕ੍ਰੈਡਿਟ ਕਾਰਡ ਫਾਰਮ ਲਈ, ਅਧਿਕਾਰਤ ਵੈੱਬਸਾਈਟ https://sbi.co.in/web/personal-banking/home 'ਤੇ ਜਾਓ। ਐਗਰੀਕਲਚਰ ਐਂਡ ਰੂਰਲ ਟੈਬ 'ਤੇ ਜਾਓ ਅਤੇ ਫਸਲੀ ਕਰਜ਼ੇ ਦੇ ਵਿਕਲਪ ਵਿੱਚ ਕਿਸਾਨ ਕ੍ਰੈਡਿਟ ਕਾਰਡ ਵਿਕਲਪ ਦੀ ਚੋਣ ਕਰੋ। ਅਰਜ਼ੀ ਫਾਰਮ ਵਿੱਚ ਦਿੱਤੇ ਵੇਰਵੇ ਦਾਖਲ ਕਰੋ। ਇਸ ਤੋਂ ਬਾਅਦ ਸਬੰਧਤ ਬੈਂਕ ਚਾਰ ਦਿਨਾਂ ਦੇ ਅੰਦਰ ਤੁਹਾਡੇ ਨਾਲ ਸੰਪਰਕ ਕਰੇਗਾ।
ਅਗਲੇ ਹੀ ਦਿਨ ਕੱਢਵਾ ਸਕੋਗੇ ਜਮ੍ਹਾਂ ਰਾਸ਼ੀ
ਕਿਸਾਨ ਕ੍ਰੈਡਿਟ ਕਾਰਡ 'ਤੇ ਲੈਣ-ਦੇਣ ਮੁਤਾਬਿਕ ਸਾਲ ਵਿੱਚ ਦੋ ਵਾਰ ਵਿਆਜ ਦੇਣਾ ਪੈਂਦਾ ਹੈ। ਵਿਆਜ ਸਮੇਤ ਕਰਜ਼ਾ ਸਾਲ ਵਿੱਚ ਇੱਕ ਵਾਰ ਜਮ੍ਹਾਂ ਕਰਨਾ ਹੁੰਦਾ ਹੈ। ਕਿਸਾਨ ਅਗਲੇ ਹੀ ਦਿਨ ਜਮ੍ਹਾਂ ਕੀਤੀ ਰਕਮ ਵੀ ਕੱਢਵਾ ਸਕਦੇ ਹਨ। ਵਿਆਜ ਸਬਸਿਡੀ ਉਦੋਂ ਹੀ ਲਾਗੂ ਹੁੰਦੀ ਹੈ ਜਦੋਂ ਕਿਸਾਨ ਸਾਲ ਵਿੱਚ ਦੋ ਵਾਰ ਵਿਆਜ ਅਦਾ ਕਰਦਾ ਹੈ ਅਤੇ ਕਰਜ਼ੇ ਦੀ ਰਕਮ ਇੱਕ ਵਾਰ ਜਮ੍ਹਾਂ ਕਰਦਾ ਹੈ। ਅਜਿਹਾ ਕਰਨ ਵਿੱਚ ਅਸਫਲ ਰਹਿਣ 'ਤੇ 7 ਫੀਸਦੀ ਵਿਆਜ ਲਗੇਗਾ। ਜੇਕਰ ਸਮੇਂ 'ਤੇ ਵਿਆਜ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਤੁਹਾਡਾ ਖਾਤਾ ਡਿਫਾਲਟਰ ਵਜੋਂ ਰਜਿਸਟਰ ਕੀਤਾ ਜਾਵੇਗਾ।