ਵਾਇਨਾਡ:ਕੇਰਲ ਦੀ ਵਾਇਨਾਡ ਲੋਕ ਸਭਾ ਅਤੇ ਚੇਲਕਾਰਾ ਵਿਧਾਨ ਸਭਾ ਸੀਟਾਂ 'ਤੇ 13 ਨਵੰਬਰ ਨੂੰ ਹੋਣ ਵਾਲੀਆਂ ਉਪ ਚੋਣਾਂ ਲਈ ਚੋਣ ਪ੍ਰਚਾਰ ਅੱਜ ਸੋਮਵਾਰ ਸ਼ਾਮ 5 ਵਜੇ ਖਤਮ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇੱਥੇ 13 ਨਵੰਬਰ ਬੁੱਧਵਾਰ ਨੂੰ ਵੋਟਿੰਗ ਹੋਵੇਗੀ।
ਕਾਂਗਰਸ ਉਮੀਦਵਾਰ ਪ੍ਰਿਅੰਕਾ ਗਾਂਧੀ ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਵਾਇਨਾਡ ਵਿੱਚ ਦੋ ਰੈਲੀਆਂ ਨੂੰ ਸੰਬੋਧਨ ਕਰੇਗੀ। ਜਾਣਕਾਰੀ ਮੁਤਾਬਕ ਪਹਿਲੀ ਰੈਲੀ ਸੁਲਤਾਨ ਬਥੇਰੀ 'ਚ ਹੋਵੇਗੀ ਅਤੇ ਦੂਸਰੀ ਜਨਸਭਾ ਦੁਪਹਿਰ 3 ਵਜੇ ਤਿਰੂਵਾਂਬਦੀ 'ਚ ਹੋਵੇਗੀ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਰਹਿਣਗੇ। ਇਸ ਦੌਰਾਨ ਲੈਫਟ ਡੈਮੋਕ੍ਰੇਟਿਕ ਫਰੰਟ (ਐੱਲ.ਡੀ.ਐੱਫ.) ਦੇ ਉਮੀਦਵਾਰ ਸਤਿਆਨ ਮੋਕੇਰੀ ਕਲਪੇਟਾ 'ਚ ਸ਼ਾਮ 4 ਵਜੇ ਰੋਡ ਸ਼ੋਅ ਕਰਨਗੇ। ਜਦਕਿ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਨਵਿਆ ਹਰੀਦਾਸ ਵੀ ਸੁਲਤਾਨ ਬਥੇਰੀ ਦੇ ਚੁੰਗਮ 'ਚ ਆਪਣੀ ਮੁਹਿੰਮ ਦੀ ਸਮਾਪਤੀ ਕਰੇਗੀ।
ਛੱਡ ਦਿੱਤੀ ਵਾਇਨਾਡ ਸੀਟ
ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ 2024 ਦੋ ਥਾਵਾਂ ਰਾਏਬਰੇਲੀ ਅਤੇ ਵਾਇਨਾਡ ਤੋਂ ਚੋਣ ਲੜੀ ਸੀ ਪਰ ਉਨ੍ਹਾਂ ਨੇ ਵਾਇਨਾਡ ਸੀਟ ਛੱਡ ਦਿੱਤੀ ਸੀ। ਇਸ ਕਾਰਨ ਇੱਥੇ ਉਪ ਚੋਣਾਂ ਹੋ ਰਹੀਆਂ ਹਨ। ਪ੍ਰਿਅੰਕਾ ਗਾਂਧੀ ਦੀ ਇਹ ਪਹਿਲੀ ਚੋਣ ਹੈ, ਜੇਕਰ ਉਹ ਜਿੱਤ ਜਾਂਦੀ ਹੈ ਤਾਂ ਉਹ ਲੋਕ ਸਭਾ 'ਚ ਜਾਣ ਵਾਲੀ ਗਾਂਧੀ ਪਰਿਵਾਰ ਦੀ ਤੀਜੀ ਸ਼ਖਸੀਅਤ ਹੋਵੇਗੀ।