ਨਵੀਂ ਦਿੱਲੀ: ਭਾਰਤੀ ਅਰਬਪਤੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ 'ਤੇ ਅਮਰੀਕਾ 'ਚ ਗੰਭੀਰ ਇਲਜ਼ਾਮ ਲੱਗੇ ਹਨ। ਗੌਤਮ ਅਡਾਨੀ 'ਤੇ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਇਲਜ਼ਾਮ ਹੈ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟਦੇ ਅਨੁਸਾਰ, ਅਮਰੀਕੀ ਵਕੀਲਾਂ ਨੇ ਕਿਹਾ ਕਿ ਗੌਤਮ ਅਡਾਨੀ 'ਤੇ ਨਿਊਯਾਰਕ ਵਿੱਚ ਕਥਿਤ ਬਹੁ-ਅਰਬ ਡਾਲਰ ਦੀ ਰਿਸ਼ਵਤਖੋਰੀ ਅਤੇ ਧੋਖਾਧੜੀ ਦੀ ਯੋਜਨਾ ਵਿੱਚ ਭੂਮਿਕਾ ਨਿਭਾਈ ਹੈ।
ਤੁਹਾਨੂੰ ਦੱਸ ਦੇਈਏ ਕਿ ਗੌਤਮ ਅਡਾਨੀ ਅਤੇ ਸੱਤ ਹੋਰ ਲੋਕਾਂ 'ਤੇ ਅਮਰੀਕੀ ਨਿਵੇਸ਼ਕਾਂ ਨੂੰ ਧੋਖਾ ਦੇਣ ਅਤੇ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਇਲਜ਼ਾਮ ਹੈ। ਇਸ ਤੋਂ ਬਾਅਦ ਅਡਾਨੀ ਐਂਟਰਪ੍ਰਾਈਜਿਜ਼ ਨੇ ਬਾਂਡ ਰਾਹੀਂ 600 ਮਿਲੀਅਨ ਡਾਲਰ ਜੁਟਾਉਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ। ਨਿਊਯਾਰਕ ਫੈਡਰਲ ਕੋਰਟ ਨੇ ਗੌਤਮ ਅਡਾਨੀ ਨੂੰ ਸੋਲਰ ਕੰਟਰੈਕਟ ਲਈ 2100 ਕਰੋੜ ਰੁਪਏ ਦੀ ਰਿਸ਼ਵਤ ਦੇਣ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦਾ ਮੁਲਜ਼ਮ ਪਾਇਆ ਹੈ।
ਪੂਰਾ ਮਾਮਲਾ ਕੀ ਹੈ?
ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਅਡਾਨੀ ਅਤੇ ਉਸਦੇ ਭਤੀਜੇ ਸਾਗਰ ਅਡਾਨੀ ਸਮੇਤ ਸੱਤ ਹੋਰਾਂ ਨੇ ਭਾਰਤ ਦੇ ਸਰਕਾਰੀ ਅਧਿਕਾਰੀਆਂ ਨੂੰ 20 ਸਾਲਾਂ ਵਿੱਚ 2 ਬਿਲੀਅਨ ਡਾਲਰ ਦਾ ਮੁਨਾਫਾ ਦੇਣ ਅਤੇ ਭਾਰਤ ਦੇ ਸਭ ਤੋਂ ਵੱਡੇ ਸੂਰਜੀ ਊਰਜਾ ਪਲਾਂਟ ਦੇ ਪ੍ਰੋਜੈਕਟ ਨੂੰ ਵਿਕਸਤ ਕਰਨ ਲਈ ਲਗਭਗ 265 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਲਈ ਸਹਿਮਤੀ ਦਿੱਤੀ।ਅਮਰੀਕੀ ਵਕੀਲਾਂ ਨੇ ਇਹ ਵੀ ਕਿਹਾ ਕਿ ਅਡਾਨੀ ਅਤੇ ਇੱਕ ਹੋਰ ਅਡਾਨੀ ਗ੍ਰੀਨ ਐਨਰਜੀ ਐਗਜ਼ੀਕਿਊਟਿਵ, ਸਾਬਕਾ ਸੀਈਓ ਵਿਨੀਤ ਜੈਨ ਨੇ ਰਿਣਦਾਤਿਆਂ ਅਤੇ ਨਿਵੇਸ਼ਕਾਂ ਤੋਂ ਆਪਣੇ ਭ੍ਰਿਸ਼ਟਾਚਾਰ ਨੂੰ ਛੁਪਾ ਕੇ $3 ਬਿਲੀਅਨ ਤੋਂ ਵੱਧ ਕਰਜ਼ੇ ਅਤੇ ਬਾਂਡ ਇਕੱਠੇ ਕੀਤੇ ਹਨ। ਅਮਰੀਕੀ ਵਕੀਲਾਂ ਦੇ ਅਨੁਸਾਰ, ਕੁਝ ਸਾਜ਼ਿਸ਼ਕਰਤਾਵਾਂ ਨੇ ਗੌਤਮ ਅਡਾਨੀ ਨੂੰ "ਨੁਮਰੋ ਯੂਨੋ" ਅਤੇ "ਦਿ ਬਿਗ ਮੈਨ" ਵਰਗੇ ਕੋਡ ਨਾਮਾਂ ਨਾਲ ਸੰਬੋਧਿਤ ਕੀਤਾ, ਜਦੋਂ ਕਿ ਸਾਗਰ ਅਡਾਨੀ ਨੇ ਕਥਿਤ ਤੌਰ 'ਤੇ ਰਿਸ਼ਵਤ ਬਾਰੇ ਖਾਸ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਸੈੱਲਫੋਨ ਦੀ ਵਰਤੋਂ ਕੀਤੀ।
ਕੌਣ ਹੈ ਗੌਤਮ ਅਡਾਨੀ?
ਫੋਰਬਸ ਮੈਗਜ਼ੀਨ ਮੁਤਾਬਕ 62 ਸਾਲਾ ਗੌਤਮ ਅਡਾਨੀ ਦੀ ਕੁੱਲ ਜਾਇਦਾਦ 69.8 ਅਰਬ ਡਾਲਰ ਹੈ। ਫੋਰਬਸ ਦੇ ਅਨੁਸਾਰ, ਉਸਦੀ ਦੌਲਤ ਉਸ ਨੂੰ ਦੁਨੀਆ ਦਾ 22ਵਾਂ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤੋਂ ਬਾਅਦ ਭਾਰਤ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣਾਉਂਦੀ ਹੈ।