ਵਾਰਾਣਸੀ: ਸੋਮਵਾਰ ਸ਼ਾਮ ਨੂੰ ਬਨਾਰਸ ਸਮੇਤ ਦੇਸ਼ ਦੇ 30 ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਸੰਦੇਸ਼ ਹਵਾਈ ਅੱਡੇ ਦੀ ਅਧਿਕਾਰਤ ਮੇਲ ਆਈਡੀ 'ਤੇ ਆਇਆ। ਇਸ 'ਚ ਕਿਹਾ ਗਿਆ ਸੀ ਕਿ ਏਅਰਪੋਰਟ 'ਤੇ ਬੰਬ ਫਿੱਟ ਕੀਤਾ ਜਾਵੇਗਾ ਅਤੇ ਰਿਮੋਟ 'ਤੇ ਬਟਨ ਦਬਾਉਂਦੇ ਹੀ ਉਸ ਦਾ ਧਮਾਕਾ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਹਵਾਈ ਅੱਡੇ ਦੇ ਸਾਰੇ ਗੇਟਾਂ ਦੀ ਨਿਗਰਾਨੀ ਵਧਾ ਦਿੱਤੀ ਗਈ ਅਤੇ ਦੇਰ ਰਾਤ ਤੱਕ ਚੈਕਿੰਗ ਮੁਹਿੰਮ ਚਲਾਈ ਗਈ। ਹਾਲਾਂਕਿ ਦੇਰ ਰਾਤ ਤੱਕ ਧਮਕੀ ਦੇਣ ਵਾਲੇ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਸੀ।
ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਿਕ ਵਾਰਾਣਸੀ ਹਵਾਈ ਅੱਡੇ ਦੀ ਅਧਿਕਾਰਤ ਈਮੇਲ ਆਈਡੀ 'ਤੇ ਸੋਮਵਾਰ ਸ਼ਾਮ ਨੂੰ ਇੱਕ ਮੇਲ ਆਇਆ। ਇਸ ਵਿਚ ਲਿਖਿਆ ਗਿਆ ਸੀ ਕਿ ਅਸੀਂ ਸਾਰੇ 30 ਹਵਾਈ ਅੱਡਿਆਂ 'ਤੇ ਬੰਬ ਫਿੱਟ ਕਰ ਦਿੱਤੇ ਹਨ ਅਤੇ ਜਿਵੇਂ ਹੀ ਰਿਮੋਟ ਦਾ ਬਟਨ ਦਬਾਇਆ ਜਾਵੇਗਾ, ਇਕ ਤੋਂ ਬਾਅਦ ਇਕ ਧਮਾਕੇ ਸ਼ੁਰੂ ਹੋ ਜਾਣਗੇ। ਇਹ ਪੱਤਰ ਮਿਲਣ ਤੋਂ ਬਾਅਦ ਹਵਾਈ ਅੱਡੇ 'ਤੇ ਉੱਚ ਸੁਰੱਖਿਆ ਟੀਮ ਨੇ ਤੁਰੰਤ ਮੀਟਿੰਗ ਕਰਕੇ ਹਾਈ ਅਲਰਟ ਜਾਰੀ ਕਰਦਿਆਂ ਹਵਾਈ ਅੱਡੇ ਦੇ ਸਾਰੇ ਗੇਟਾਂ 'ਤੇ ਨਿਗਰਾਨੀ ਵਧਾ ਦਿੱਤੀ ਅਤੇ ਤਿੱਖੀ ਚੈਕਿੰਗ ਵੀ ਸ਼ੁਰੂ ਕਰ ਦਿੱਤੀ ਗਈ।