ਨਵੀਂ ਦਿੱਲੀ : ਗਰਮੀ ਕਾਰਨ ਦਿੱਲੀ ਦੇ ਲੋਕਾਂ ਦਾ ਬੁਰਾ ਹਾਲ ਹੈ। ਤਾਪਮਾਨ 52 ਡਿਗਰੀ ਸੈਲਸੀਅਸ ਤੋਂ ਉੱਪਰ ਹੈ। ਅਜਿਹੇ ਸਮੇਂ ਵਿਚ ਰਾਜਧਾਨੀ ਇੱਕ ਹੋਰ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ ਅਤੇ ਇਹ ਹੈ ਪਾਣੀ ਦੀ ਸਪਲਾਈ ਵਿੱਚ ਕਮੀ। ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਯਮੁਨਾ ਦੇ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਦਿੱਲੀ ਦੇ ਲੋਕਾਂ ਦੀ ਪਿਆਸ ਬੁਝਾਉਣ ਵਾਲੀ ਯਮੁਨਾ ਅੱਜ ਖੁਦ ਪਾਣੀ ਨੂੰ ਤਰਸ ਰਹੀ ਹੈ। ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਬਹੁਤ ਨੀਵਾਂ ਜਾਪਦਾ ਹੈ।
ਹਰਿਆਣਾ ਸਰਕਾਰ 'ਤੇ ਇਲਜ਼ਾਮ:ਦਿੱਲੀ 'ਚ ਪਾਣੀ ਅਤੇ ਯਮੁਨਾ ਨੂੰ ਲੈ ਕੇ ਵੀ ਸਿਆਸਤ ਤੇਜ਼ ਹੋ ਗਈ ਹੈ। ਦਿੱਲੀ ਸਰਕਾਰ ਵਾਰ-ਵਾਰ ਹਰਿਆਣਾ ਸਰਕਾਰ 'ਤੇ ਦੋਸ਼ ਲਾ ਰਹੀ ਹੈ ਕਿ ਯਮੁਨਾ ਰਾਹੀਂ ਹਰਿਆਣਾ ਤੋਂ ਦਿੱਲੀ ਨੂੰ ਹੋਣ ਵਾਲੀ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਜਲ ਮੰਤਰੀ ਆਤਿਸ਼ੀ ਮਾਰਲੇਨਾ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਹਰਿਆਣਾ ਨੇ ਕੁਝ ਸਮੇਂ ਲਈ ਪਾਣੀ ਦੀ ਸਪਲਾਈ 'ਚ ਕਟੌਤੀ ਕੀਤੀ ਹੈ ਅਤੇ ਇਸ ਕਾਰਨ ਦਿੱਲੀ 'ਚ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ।