ਚੇੱਨਈ/ਤਾਮਿਲਨਾਡੂ: ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੂੰ ਸਿਹਤ ਸਬੰਧੀ ਸਮੱਸਿਆ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਐਮਰਜੈਂਸੀ ਨਹੀਂ ਹੈ।ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੂੰ ਮਾਮੂਲੀ ਸਮੱਸਿਆ ਕਾਰਨ ਚੇਨੱਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸ਼ਕਤੀਕਾਂਤ ਦਾਸ ਨੂੰ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਆਰਬੀਆਈ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਐਸਿਡਿਟੀ ਦੀ ਸ਼ਿਕਾਇਤ ਹੋਈ ਹੈ ਅਤੇ ਉਨ੍ਹਾਂ ਨੂੰ ਚੇਨੱਈ ਦੇ ਅਪੋਲੋ ਹਸਪਤਾਲ ਵਿੱਚ ਨਿਗਰਾਨੀ ਲਈ ਦਾਖਲ ਕਰਵਾਇਆ ਗਿਆ ਹੈ। ਹੁਣ ਉਨ੍ਹਾਂ ਦੀ ਹਾਲਤ ਠੀਕ ਹੈ ਅਤੇ ਅਗਲੇ 2-3 ਘੰਟਿਆਂ ਵਿੱਚ ਉਸਨੂੰ ਛੁੱਟੀ ਦੇ ਦਿੱਤੀ ਜਾਵੇਗੀ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।
ਸ਼ਕਤੀਕਾਂਤ ਦਾਸ ਦੇ ਕਾਰਜਕਾਲ ਨੂੰ ਦੂਜੀ ਵਾਰ ਵਧਾ ਸਕਦੀ ਹੈ ਸਰਕਾਰ
ਹਾਲ ਹੀ ਵਿੱਚ ਰਾਇਟਰਜ਼ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਭਾਰਤ ਸਰਕਾਰ ਕੇਂਦਰੀ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਕਾਰਜਕਾਲ ਨੂੰ ਦੂਜੀ ਵਾਰ ਵਧਾ ਸਕਦੀ ਹੈ। ਇਹ ਉਹ 1960 ਦੇ ਦਹਾਕੇ ਤੋਂ ਬਾਅਦ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲਾ ਮੁਖੀ ਬਣ ਜਾਵੇਗਾ। ਦਸੰਬਰ 2018 ਵਿੱਚ ਭਾਰਤੀ ਰਿਜ਼ਰਵ ਬੈਂਕ ਦੀ ਅਗਵਾਈ ਕਰਨ ਲਈ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ, ਸ਼ਕਤੀਕਾਂਤ ਦਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸ਼ਾਸਨ ਵਿੱਚ ਸਭ ਤੋਂ ਭਰੋਸੇਮੰਦ ਨੌਕਰਸ਼ਾਹਾਂ ਵਿੱਚੋਂ ਇੱਕ ਸੀ। ਸ਼ਕਤੀਕਾਂਤ ਦਾਸ ਦਾ ਮੌਜੂਦਾ ਕਾਰਜਕਾਲ 10 ਦਸੰਬਰ ਨੂੰ ਖਤਮ ਹੋਣ ਵਾਲਾ ਹੈ। ਉਹ ਹਾਲ ਹੀ ਦੇ ਦਹਾਕਿਆਂ ਵਿੱਚ ਵੱਧ ਤੋਂ ਵੱਧ ਪੰਜ ਸਾਲਾਂ ਤੱਕ ਆਰਬੀਆਈ ਗਵਰਨਰ ਰਹੇ ਹਨ।
ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਫਿਲਹਾਲ ਕਿਸੇ ਹੋਰ ਉਮੀਦਵਾਰ ਬਾਰੇ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਕੋਈ ਚੋਣ ਕਮੇਟੀ ਬਣਾਈ ਗਈ ਹੈ। ਸ਼ਕਤੀਕਾਂਤ ਦਾਸ ਦਾ ਕਾਰਜਕਾਲ ਘੱਟੋ-ਘੱਟ ਇੱਕ ਸਾਲ ਲਈ ਵਧਣ ਦੀ ਸੰਭਾਵਨਾ ਹੈ।