ਰੋਹਤਕ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਸ ਨੂੰ 20 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਨੂੰ ਬੁੱਧਵਾਰ ਸਵੇਰੇ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ। ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਨੂੰ ਸਖ਼ਤ ਸੁਰੱਖਿਆ ਹੇਠ ਸਿੱਧੇ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਲਿਜਾਇਆ ਗਿਆ। ਬੁੱਧਵਾਰ ਸਵੇਰੇ ਸੁਨਾਰੀਆ ਜੇਲ੍ਹ ਦੇ ਬਾਹਰ ਹਲਚਲ ਸ਼ੁਰੂ ਹੋ ਗਈ ਸੀ। ਜੇਲ੍ਹ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਸ਼ਾਮ ਕਰੀਬ 6.30 ਵਜੇ ਰਾਮ ਰਹੀਮ ਨੂੰ ਸਖ਼ਤ ਪੁਲਿਸ ਸੁਰੱਖਿਆ ਵਿਚਕਾਰ ਜੇਲ੍ਹ ਤੋਂ ਰਿਹਾਅ ਕੀਤਾ ਗਿਆ।
ਰਾਮ ਰਹੀਮ ਨੂੰ 20 ਦਿਨਾਂ ਲਈ ਸ਼ਰਤੀਆ ਪੈਰੋਲ ਮਿਲੀ
ਚਰਚਾ ਹੈ ਕਿ ਰਾਮ ਰਹੀਮ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ ਰਾਮ ਰਹੀਮ ਨੂੰ ਸ਼ਰਤੀਆ ਪੈਰੋਲ ਦਿੱਤੀ ਗਈ ਹੈ। ਪੈਰੋਲ ਦੀ ਮਿਆਦ ਦੌਰਾਨ ਰਾਮ ਰਹੀਮ ਹਰਿਆਣਾ 'ਚ ਨਹੀਂ ਰਹੇਗਾ। ਰਾਮ ਰਹੀਮ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਰਹੇਗਾ। ਉਹ ਚੋਣ ਸਰਗਰਮੀਆਂ ਤੋਂ ਦੂਰ ਰਹੇਗਾ। ਜੇਕਰ ਸ਼ਰਤਾਂ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾਂ ਪੈਰੋਲ ਤੁਰੰਤ ਰੱਦ ਕਰ ਦਿੱਤੀ ਜਾਵੇਗੀ।
ਰਾਮ ਰਹੀਮ ਪੈਰੋਲ 'ਤੇ 'ਆਪ' ਦਾ ਬਿਆਨ (ETV BHARAT) AAP ਨੇ ਪੈਰੋਲ 'ਤੇ ਚੁੱਕੇ ਸਵਾਲ
ਉਥੇ ਹੀ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਨੂੰ ਲੈਕੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਦੁਖ ਦੀ ਗੱਲ ਹੈ ਕਿ ਉਸ ਨੂੰ ਪੈਰੋਲ ਮਿਲੀ ਹੈ। ਭਾਜਪਾ ਨੇ ਜਾਣਬੁੱਝ ਕੇ ਹਰਿਆਣਾ ਚੋਣਾਂ ਦੇ ਚੱਲਦੇ ਉਸ ਨੂੰ ਪੈਰੋਲ ਦਿੱਤੀ ਹੈ। ਧਾਲੀਵਾਲ ਨੇ ਕਿਹਾ ਕਿ ਭਾਜਪਾ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡ ਰਹੀ ਹੈ ਤੇ ਪੰਜਾਬ ਭਾਜਪਾ ਦੇ ਲੀਡਰਾਂ ਨੂੰ ਇਸ ਮੁੱਦੇ ਨੂੰ ਚੁੱਕਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਭਾਵੇਂ ਭਾਜਪਾ ਰਾਮ ਰਹੀਮ ਨੂੰ ਜਿੰਨੀ ਮਰਜ਼ੀ ਵਾਰ ਪੈਰੋਲ ਦੇ ਦੇਵੇ ਪਰ ਉਹ ਹਰਿਆਣਾ ਦੀਆਂ ਵਿਧਾਨਸਭਾ ਚੋਣਾਂ ਬੁਰੀ ਤਰ੍ਹਾਂ ਹਾਰ ਰਹੀ ਹੈ।
ਰਾਮ ਰਹੀਮ ਆਇਆ ਜੇਲ੍ਹ ਤੋਂ ਬਾਹਰ, ਮਿਲੀ 20 ਦਿਨਾਂ ਦੀ ਪੈਰੋਲ, ਕਾਂਗਰਸ ਨੇ ਜਤਾਇਆ ਇਤਰਾਜ਼ (Congress Letter) ਰਾਮ ਰਹੀਮ ਦੀ ਪੈਰੋਲ 'ਤੇ ਕਾਂਗਰਸ ਨੇ ਜਤਾਇਆ ਇਤਰਾਜ਼
ਹਾਲਾਂਕਿ, ਕਾਂਗਰਸ ਨੇ ਵੀ ਰਾਮ ਰਹੀਮ ਦੀ ਪੈਰੋਲ 'ਤੇ ਇਤਰਾਜ਼ ਜਤਾਇਆ ਹੈ। ਕਾਂਗਰਸ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਫਿਲਹਾਲ ਰਾਮ ਰਹੀਮ ਨੂੰ ਪੈਰੋਲ ਦੇਣਾ ਠੀਕ ਨਹੀਂ ਹੈ। ਇਸ ਨਾਲ ਵੋਟਿੰਗ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 21 ਦਿਨਾਂ ਦੀ ਫਰਲੋ ਤੋਂ ਬਾਅਦ 4 ਸਤੰਬਰ ਨੂੰ ਰੋਹਤਕ ਜੇਲ੍ਹ ਵਾਪਸ ਪਰਤਿਆ ਸੀ। ਉਸ ਨੂੰ 2017 ਤੋਂ ਹੁਣ ਤੱਕ 10 ਵਾਰ ਪੈਰੋਲ ਜਾਂ ਫਰਲੋ ਦਿੱਤੀ ਜਾ ਚੁੱਕੀ ਹੈ।