ਨਵੀਂ ਦਿੱਲੀ: ਦਿੱਲੀ ਮੈਟਰੋ ਦੇ ਪਿੰਕ ਰੂਟ 'ਤੇ ਵੀਰਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਗੋਕੁਲਪੁਰੀ ਮੈਟਰੋ ਸਟੇਸ਼ਨ ਦੇ ਪਲੇਟਫਾਰਮ ਦੇ ਪੂਰਬ ਵੱਲ ਬਣੀ ਰੇਲਿੰਗ ਟੁੱਟ ਕੇ ਸੜਕ 'ਤੇ ਡਿੱਗ ਗਈ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 4 ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਹੇਠਾਂ ਕਈ ਬਾਈਕ ਖੜ੍ਹੀਆਂ ਸਨ, ਜਿਨ੍ਹਾਂ 'ਤੇ ਮਲਬਾ ਡਿੱਗ ਗਿਆ। ਦਿੱਲੀ ਸਰਕਾਰ ਨੇ ਗੋਕੁਲਪੁਰੀ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ 2 ਹਫਤਿਆਂ 'ਚ ਰਿਪੋਰਟ ਮੰਗੀ ਹੈ।
ਉੱਤਰ ਪੂਰਬੀ ਜ਼ਿਲ੍ਹਾ ਪੁਲਿਸ ਦੇ ਡੀਸੀਪੀ ਡਾ.ਜੋਏ ਟਿਰਕੀ ਅਨੁਸਾਰ ਇਹ ਹਾਦਸਾ ਰਾਤ ਕਰੀਬ 11 ਵਜੇ ਵਾਪਰਿਆ। ਗੋਕੁਲਪੁਰੀ ਮੈਟਰੋ ਸਟੇਸ਼ਨ ਦੀ ਚਾਰਦੀਵਾਰੀ (ਪੂਰਬੀ ਪਾਸੇ) ਦਾ ਇੱਕ ਹਿੱਸਾ ਹੇਠਾਂ ਸੜਕ 'ਤੇ ਡਿੱਗ ਗਿਆ। ਇਸ ਹਾਦਸੇ 'ਚ ਘੱਟੋ-ਘੱਟ 3 ਤੋਂ 4 ਲੋਕ ਜ਼ਖਮੀ ਹੋਏ ਹਨ। ਮਲਬੇ ਹੇਠ ਦੱਬ ਕੇ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।