ਜੰਮੂ-ਕਸ਼ਮੀਰ/ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਅੱਜ ਈਦ-ਉਲ-ਅਜ਼ਹਾ ਦਾ ਤਿਉਹਾਰ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਮਸਜਿਦਾਂ ਅਤੇ ਈਦਗਾਹਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਂਤੀ ਅਤੇ ਖੁਸ਼ਹਾਲੀ ਲਈ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ। ਇਸ ਦੌਰਾਨ ਸ੍ਰੀਨਗਰ ਦੀ ਇਤਿਹਾਸਕ ਜਾਮਾ ਮਸਜਿਦ ਵਿੱਚ ਇਸ ਸਾਲ ਵੀ ਸਮੂਹਿਕ ਨਮਾਜ਼ ਨਹੀਂ ਅਦਾ ਕੀਤੀ ਗਈ।
ਜੰਮੂ-ਕਸ਼ਮੀਰ ਸਮੇਤ ਦੁਨੀਆ ਭਰ ਦੇ ਮੁਸਲਮਾਨ ਇਸਲਾਮੀ ਕੈਲੰਡਰ ਦੇ ਆਖਰੀ ਮਹੀਨੇ ਧੂ ਅਲ-ਹਿੱਜਾ ਦੇ 10ਵੇਂ ਦਿਨ ਈਦ-ਉਲ-ਅਜ਼ਹਾ ਮਨਾਉਂਦੇ ਹਨ। ਕਸ਼ਮੀਰ ਵਿਚ ਈਦ ਦਾ ਸਭ ਤੋਂ ਵੱਡਾ ਇਕੱਠ ਹਜ਼ਰਤਬਲ ਦਰਗਾਹ ਵਿਖੇ ਹੋਇਆ, ਜਿੱਥੇ ਹਜ਼ਾਰਾਂ ਲੋਕਾਂ ਨੇ ਈਦ ਦੀ ਨਮਾਜ਼ ਵਿਚ ਹਿੱਸਾ ਲਿਆ ਅਤੇ ਇਸਲਾਮੀ ਸਿੱਖਿਆਵਾਂ 'ਤੇ ਉਪਦੇਸ਼ ਸੁਣੇ। ਸ੍ਰੀਨਗਰ ਦੀ ਇਤਿਹਾਸਕ ਜਾਮੀਆ ਮਸਜਿਦ ਵਿੱਚ ਲਗਾਤਾਰ ਪੰਜਵੇਂ ਸਾਲ ਸੰਨਾਟਾ ਛਾ ਗਿਆ ਅਤੇ ਇਸ ਪਵਿੱਤਰ ਦਿਹਾੜੇ ’ਤੇ ਨਮਾਜ਼ ਅਦਾ ਨਹੀਂ ਕੀਤੀ ਗਈ। ਅੰਜੁਮਨ ਔਕਾਫ਼ ਜਾਮਾ ਮਸਜਿਦ ਸ੍ਰੀਨਗਰ, ਜੋ ਮਸਜਿਦ ਦਾ ਪ੍ਰਬੰਧ ਕਰਦੀ ਹੈ, ਨੇ ਕਿਹਾ ਕਿ ਨਿਯਤ ਸਮੇਂ 'ਤੇ ਨਮਾਜ਼ ਅਦਾ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਪ੍ਰਸ਼ਾਸਨਿਕ ਨਿਰਦੇਸ਼ਾਂ ਕਾਰਨ ਅਸਫਲ ਹੋ ਗਈਆਂ।