ਨਵੀਂ ਦਿੱਲੀ:ਰਾਜਧਾਨੀ ਦਿੱਲੀ ਦੇ ਗੋਵਿੰਦਪੁਰੀ ਵਿੱਚ ਤਾਇਨਾਤ ਕਾਂਸਟੇਬਲ ਕਿਰਨਪਾਲ ਸਿੰਘ ਦੇ ਕਤਲ ਕੇਸ ਵਿੱਚ ਪੁਲਿਸ ਨੇ ਤੀਜੇ ਮੁਲਜ਼ਮ ਦਾ ਐਨਕਾਊਂਟਰ ਕੀਤਾ ਹੈ। ਇਹ ਘਟਨਾ ਐਤਵਾਰ ਸਵੇਰੇ ਸੰਗਮ ਵਿਹਾਰ ਇਲਾਕੇ 'ਚ ਵਾਪਰੀ, ਜਿੱਥੇ ਦਿੱਲੀ ਪੁਲਿਸ ਦੀ ਟੀਮ ਨੇ ਮੁਲਜ਼ਮ ਰਾਘਵ ਉਰਫ ਰੌਕੀ ਨੂੰ ਘੇਰ ਲਿਆ। ਹਾਲਾਂਕਿ, ਰਾਘਵ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ, ਜਿਸ ਦੇ ਜਵਾਬ ਵਿਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ ਅਤੇ ਉਸ ਨੂੰ ਗੋਲੀ ਲੱਗ ਗਈ। ਹਸਪਤਾਲ ਲਿਜਾਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਗੋਵਿੰਦਪੁਰੀ ਇਲਾਕੇ 'ਚ ਹੋਇਆ ਸੀ ਕਤਲ
ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਜਦੋਂ ਕਿਰਨਪਾਲ ਗਸ਼ਤ 'ਤੇ ਸੀ ਤਾਂ ਤਿੰਨ ਬਦਮਾਸ਼ਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਜਦੋਂ ਕਾਂਸਟੇਬਲ ਨੇ ਬਦਮਾਸ਼ਾਂ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਕਿਰਨਪਾਲ ਦੀ ਮੌਤ ਹੋ ਗਈ। ਇਸ ਮਾਮਲੇ 'ਚ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਮੁਲਜ਼ਮ ਦੀਪਕ ਅਤੇ ਕ੍ਰਿਸ਼ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ, ਜਦਕਿ ਤੀਜੇ ਮੁਲਜ਼ਮ ਰਾਘਵ ਬਾਰੇ ਸੂਚਨਾ ਮਿਲਣ 'ਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ।