ਬੈਂਗਲੁਰੂ: ਜਨਤਾ ਦਲ ਸੈਕੂਲਰ (ਜੇਡੀਐਸ) ਨੇ ਵਿਵਾਦਤ ਵੀਡੀਓ ਮਾਮਲੇ ਵਿੱਚ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪਾਰਟੀ ਨੇ ਕਰਨਾਟਕ ਦੇ ਹਾਸਨ ਹਲਕੇ ਤੋਂ ਮੌਜੂਦਾ ਸੰਸਦ ਪ੍ਰਜਵਲ ਰੇਵੰਨਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
ਇਸ ਸਬੰਧ ਵਿੱਚ ਜੇਡੀਐਸ ਕੋਰ ਕਮੇਟੀ ਦੇ ਪ੍ਰਧਾਨ ਜੀਟੀ ਦੇਵਗੌੜਾ ਨੇ ਕਿਹਾ ਕਿ ਅਸੀਂ ਪ੍ਰਜਵਲ ਰੇਵੰਨਾ ਖ਼ਿਲਾਫ਼ ਐਸਆਈਟੀ ਜਾਂਚ ਦਾ ਸਵਾਗਤ ਕਰਦੇ ਹਾਂ। ਅਸੀਂ ਆਪਣੀ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਸਿਫਾਰਿਸ਼ ਕਰਨ ਦਾ ਫੈਸਲਾ ਕੀਤਾ ਹੈ ਕਿ ਐਸਆਈਟੀ ਦੀ ਜਾਂਚ ਪੂਰੀ ਹੋਣ ਤੱਕ ਉਸ ਨੂੰ ਪਾਰਟੀ ਤੋਂ ਮੁਅੱਤਲ ਕੀਤਾ ਜਾਵੇ।
ਜਾਂਚ ਪੂਰੀ ਹੋਣ ਤੱਕ ਮੁਅੱਤਲੀ : ਇਸ ਦੇ ਨਾਲ ਹੀ ਕਰਨਾਟਕ ਦੇ ਸਾਬਕਾ ਸੀਐਮ ਅਤੇ ਜੇਡੀਐਸ ਨੇਤਾ ਐਚਡੀ ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ (ਪ੍ਰਜਵਲ ਰੇਵੰਨਾ) ਨੂੰ ਜਾਂਚ ਪੂਰੀ ਹੋਣ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਪਾਰਟੀ ਨੇ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਹੈ ਜਦੋਂ ਕਰਨਾਟਕ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਇੱਕ ਐਸਆਈਟੀ ਦਾ ਗਠਨ ਕੀਤਾ ਸੀ।
ਦੱਸ ਦਈਏ ਕਿ ਰੇਵੰਨਾ ਨਾਲ ਕਥਿਤ ਤੌਰ 'ਤੇ ਸਬੰਧਤ ਵੀਡੀਓ ਕਲਿੱਪ ਉਨ੍ਹਾਂ ਦੇ ਹਲਕੇ 'ਚ ਵੋਟਿੰਗ ਤੋਂ ਇਕ ਦਿਨ ਬਾਅਦ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਸਨ। ਇਹ ਵੀਡੀਓ ਕਥਿਤ ਤੌਰ 'ਤੇ ਜੇਡੀਐਸ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੋਤੇ ਰੇਵੰਨਾ ਦੁਆਰਾ ਸ਼ੂਟ ਕੀਤਾ ਗਿਆ ਸੀ।
ਔਰਤ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ : ਇਸ ਤੋਂ ਬਾਅਦ ਇਕ ਔਰਤ ਨੇ ਪ੍ਰਜਵਲ ਰੇਵੰਨਾ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਂਦੇ ਹੋਏ ਪੁਲਿਸ ਕੇਸ ਦਰਜ ਕਰਵਾਇਆ। ਔਰਤ ਨੇ ਇਲਜ਼ਾਮ ਲਾਇਆ ਕਿ 2019 ਤੋਂ 2022 ਦਰਮਿਆਨ ਕਈ ਵਾਰ ਉਸ ਦਾ ਜਿਨਸੀ ਸ਼ੋਸ਼ਣ ਹੋਇਆ।
ਧੀ ਨਾਲ ਕੁਕਰਮ ਕਰਨ ਦਾ ਇਲਜ਼ਾਮ : ਸ਼ਿਕਾਇਤਕਰਤਾ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਜਵਲ ਰੇਵੰਨਾ ਨੇ ਵੀਡੀਓ ਕਾਲ 'ਤੇ ਉਸ ਦੀ ਬੇਟੀ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਨਾਲ ਅਸ਼ਲੀਲ ਗੱਲਬਾਤ ਕੀਤੀ। ਔਰਤ ਨੇ ਇਲਜ਼ਾਮ ਲਾਇਆ ਕਿ ਪ੍ਰਜਵਲ ਦੇ ਪਿਤਾ ਐਚਡੀ ਰੇਵੰਨਾ ਨੇ ਵੀ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਜਦੋਂ ਉਸ ਦੀ ਪਤਨੀ ਘਰ ਨਹੀਂ ਸੀ। ਹਾਲਾਂਕਿ, ਪ੍ਰਜਵਲ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਅਤੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਪ੍ਰਸਾਰਿਤ ਕੀਤੀ ਜਾ ਰਹੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ।