ਨਵੀਂ ਦਿੱਲੀ:ਹਿਮਾਚਲ ਪ੍ਰਦੇਸ਼ ਸਰਕਾਰ ਦਿੱਲੀ ਲਈ ਯਮੁਨਾ ਵਿੱਚ ਵਾਧੂ ਪਾਣੀ ਛੱਡਣ ਨੂੰ ਲੈ ਕੇ ਵਾਰ-ਵਾਰ ਆਪਣਾ ਸਟੈਂਡ ਬਦਲ ਰਹੀ ਹੈ। ਸੁਪਰੀਮ ਕੋਰਟ 'ਚ ਯੂ-ਟਰਨ ਲੈਂਦੇ ਹੋਏ ਜ਼ਿਆਦਾ ਪਾਣੀ ਹੋਣ ਤੋਂ ਇਨਕਾਰ ਕਰਨ ਵਾਲੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਸੂਬੇ ਕੋਲ ਵਾਧੂ ਪਾਣੀ ਹੈ ਅਤੇ ਉਹ ਦਿੱਲੀ ਨੂੰ ਦੇਣ ਲਈ ਤਿਆਰ ਹੈ, ਇਸ ਲਈ ਦਿੱਲੀ ਨੂੰ ਹਰਿਆਣਾ ਨਾਲ ਗੱਲ ਕਰਨੀ ਚਾਹੀਦੀ ਹੈ।
ਹਿਮਾਚਲ ਦੇ ਮੁੱਖ ਮੰਤਰੀ ਨੇ ਕਿਹਾ, 'ਹਿਮਾਚਲ ਪ੍ਰਦੇਸ਼ ਕੋਲ ਜੋ ਵੀ ਪਾਣੀ ਹੈ, ਅਸੀਂ ਆਪਣੇ ਸੂਬੇ ਦੀਆਂ ਜ਼ਰੂਰਤਾਂ ਨੂੰ ਛੱਡ ਕੇ ਦਿੱਲੀ ਜਾਂ ਕਿਸੇ ਹੋਰ ਰਾਜ ਨੂੰ ਦੇਣ ਲਈ ਤਿਆਰ ਹਾਂ। ਇਹ ਪਾਣੀ ਹਰਿਆਣਾ ਦੇ ਰਸਤੇ ਦਿੱਲੀ ਪਹੁੰਚੇਗਾ। ਅਜਿਹੇ 'ਚ ਦਿੱਲੀ ਨੂੰ ਹਰਿਆਣਾ ਸਰਕਾਰ ਨਾਲ ਸਮਝੌਤਾ ਕਰਨਾ ਪਵੇਗਾ।