ਸ਼੍ਰੀਨਗਰ: ਉੱਤਰੀ ਕਸ਼ਮੀਰ ਦੇ ਕੁਪਵਾੜਾ ਅਤੇ ਬਾਂਦੀਪੋਰਾ ਜ਼ਿਲਿਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਦੋ ਮੁਕਾਬਲੇ ਚੱਲ ਰਹੇ ਹਨ, ਜਿਸ 'ਚ ਹੁਣ ਤੱਕ ਦੋ ਅਣਪਛਾਤੇ ਅੱਤਵਾਦੀ ਮਾਰੇ ਗਏ ਹਨ। ਦੱਸ ਦਈਏ ਕਿ ਮੰਗਲਵਾਰ ਸ਼ਾਮ ਨੂੰ ਦੋਵੇਂ ਮੁਕਾਬਲੇ ਸ਼ੁਰੂ ਹੋਏ ਜਦੋਂ ਸੁਰੱਖਿਆ ਬਲਾਂ ਨੇ ਸ਼ੱਕੀ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਮੁਹਿੰਮ ਸ਼ੁਰੂ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਸੀ ਕਿ ਬਾਂਦੀਪੋਰਾ ਦੇ ਕੇਤਸੁਨ ਜੰਗਲੀ ਖੇਤਰ 'ਚ ਕੁਝ ਅੱਤਵਾਦੀ ਲੁਕੇ ਹੋਏ ਹਨ। ਫੌਜ ਨੇ ਤਲਾਸ਼ੀ ਮੁਹਿੰਮ ਚਲਾਈ ਤਾਂ ਸਾਹਮਣੇ ਤੋਂ ਗੋਲੀਬਾਰੀ ਸ਼ੁਰੂ ਹੋ ਗਈ। ਫੌਜ ਦੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਫੌਜ ਦੀ ਗੋਲੀ ਨਾਲ ਇਕ ਅੱਤਵਾਦੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜੇ ਦੀ ਭਾਲ ਜਾਰੀ ਹੈ। ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਦੋਵਾਂ ਅੱਤਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਇਲਾਕੇ 'ਚ ਲਗਾਤਾਰ ਗਸ਼ਤ ਜਾਰੀ ਹੈ।
ਕੁਪਵਾੜਾ ਦੀ ਗੱਲ ਕਰੀਏ ਤਾਂ ਇੱਥੇ ਵੀ ਪੂਰੀ ਰਾਤ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ। ਜਾਣਕਾਰੀ ਮੁਤਾਬਕ ਸੁਰੱਖਿਆ ਬਲ ਜਿਵੇਂ ਹੀ ਇਕ ਸ਼ੱਕੀ ਜਗ੍ਹਾ 'ਤੇ ਪਹੁੰਚੇ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫੌਜ ਨੇ ਇਕ ਅੱਤਵਾਦੀ ਨੂੰ ਨਿਸ਼ਾਨਾ ਬਣਾ ਕੇ ਮਾਰ ਦਿੱਤਾ। ਇਲਾਕੇ 'ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
ਇਨ੍ਹਾਂ ਚੱਲ ਰਹੇ ਅਪਰੇਸ਼ਨਾਂ ਨਾਲ ਕਸ਼ਮੀਰ ਘਾਟੀ ਵਿੱਚ ਚਾਰ ਦਿਨਾਂ ਵਿੱਚ ਮੁਕਾਬਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਉਮਰ ਅਬਦੁੱਲਾ ਦੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਅੱਤਵਾਦੀ ਗਤੀਵਿਧੀਆਂ 'ਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 2 ਨਵੰਬਰ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਅਤੇ ਮੱਧ ਕਸ਼ਮੀਰ ਦੇ ਸ਼੍ਰੀਨਗਰ ਜ਼ਿਲੇ 'ਚ ਦੋ ਵੱਖ-ਵੱਖ ਮੁਕਾਬਲੇ 'ਚ ਦੋ ਸਥਾਨਕ ਅਤੇ ਇਕ ਪਾਕਿਸਤਾਨੀ ਨਾਗਰਿਕ ਉਸਮਾਨ ਭਾਈ ਸਮੇਤ ਤਿੰਨ ਅੱਤਵਾਦੀ ਮਾਰੇ ਗਏ ਸਨ। ਸ੍ਰੀਨਗਰ ਮੁਕਾਬਲੇ ਵਿੱਚ ਗੋਲੀਬਾਰੀ ਦੌਰਾਨ ਚਾਰ ਸੁਰੱਖਿਆ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।