ਹਰਿਆਣਾ/ਰੋਹਤਕ:ਸੂਤਰਾਂ ਅਨੁਸਾਰ ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਤੋਂ ਪਹਿਲਾਂ ਸਿਰਸਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਐਮਰਜੈਂਸੀ ਪੈਰੋਲ ਮਿਲ ਗਈ ਹੈ। ਚੋਣ ਕਮਿਸ਼ਨ ਨੇ ਪੈਰੋਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੈਰੋਲ ਮਿਲਣ ਤੋਂ ਬਾਅਦ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ ਵਿੱਚ ਰਹੇਗਾ। ਹਾਲਾਂਕਿ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਨੂੰ ਧਿਆਨ ਵਿੱਚ ਰੱਖਦੇ ਹੋਏ ਪੈਰੋਲ ਲਈ 3 ਸ਼ਰਤਾਂ ਲਗਾਈਆਂ ਹਨ।
ਚੋਣ ਕਮਿਸ਼ਨ ਨੇ ਪੈਰੋਲ ਲਈ ਲਗਾਈਆਂ ਹਨ 3 ਸ਼ਰਤਾਂ
ਸੂਤਰਾਂ ਮੁਤਾਬਿਕ ਕਮਿਸ਼ਨ ਵੱਲੋਂ ਸੂਬਾ ਸਰਕਾਰ ਨੂੰ ਭੇਜੇ ਗਏ ਪੱਤਰ ਵਿੱਚ ਪਹਿਲੀ ਸ਼ਰਤ ਇਹ ਹੈ ਕਿ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹਰਿਆਣਾ ਨਹੀਂ ਜਾਵੇਗਾ। ਇਸ ਤੋਂ ਇਲਾਵਾ ਉਹ ਚੋਣਾਂ ਦੌਰਾਨ ਕਿਸੇ ਵੀ ਸਿਆਸੀ ਗਤੀਵਿਧੀ ਵਿੱਚ ਹਿੱਸਾ ਨਹੀਂ ਲਵੇਗਾ ਅਤੇ ਨਾ ਹੀ ਸੋਸ਼ਲ ਮੀਡੀਆ ’ਤੇ ਚੋਣ ਸਬੰਧੀ ਕਿਸੇ ਗਤੀਵਿਧੀ ਵਿੱਚ ਸ਼ਾਮਿਲ ਹੋਵੇਗਾ।
ਚੋਣ ਕਮਿਸ਼ਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਗੁਰਮੀਤ ਰਾਮ ਰਹੀਮ ਵੱਲੋਂ ਸ਼ਰਤਾਂ ਦੀ ਉਲੰਘਣਾ ਕੀਤੀ ਗਈ ਤਾਂ ਪੈਰੋਲ ਰੱਦ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਲਈ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਜਦਕਿ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਦਾ ਸਿਰਸਾ, ਹਿਸਾਰ, ਅੰਬਾਲਾ ਅਤੇ ਕੁਰੂਕਸ਼ੇਤਰ ਜ਼ਿਲ੍ਹਿਆਂ ਵਿੱਚ ਕਾਫੀ ਦਬਦਬਾ ਹੈ। ਅਜਿਹੇ 'ਚ ਇਸ ਸਮੇਂ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣਾ ਸਵਾਲ ਖੜ੍ਹੇ ਕਰਦਾ ਹੈ।
4 ਸਤੰਬਰ ਨੂੰ ਪੈਰੋਲ ਤੋਂ ਵਾਪਸ ਆਇਆ ਸੀ ਰਾਮ ਰਹੀਮ
ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 21 ਦਿਨਾਂ ਦੀ ਫਰਲੋ ਤੋਂ ਬਾਅਦ 4 ਸਤੰਬਰ ਨੂੰ ਰੋਹਤਕ ਜੇਲ੍ਹ ਵਾਪਸ ਪਰਤਿਆ ਸੀ। ਉਸ ਨੂੰ 2017 ਤੋਂ ਹੁਣ ਤੱਕ 10 ਵਾਰ ਪੈਰੋਲ ਜਾਂ ਫਰਲੋ ਦਿੱਤੀ ਜਾ ਚੁੱਕੀ ਹੈ। ਵਾਰ-ਵਾਰ ਪੈਰੋਲ ਮਿਲਣ 'ਤੇ ਸੂਬਾ ਸਰਕਾਰ 'ਤੇ ਕਈ ਸਵਾਲ ਖੜ੍ਹੇ ਹੋ ਗਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਸੀ। ਜਿਸ 'ਤੇ ਹਾਈਕੋਰਟ ਨੇ ਕਿਹਾ ਸੀ ਕਿ ਰਾਮ ਰਹੀਮ ਨੂੰ ਬਿਨਾਂ ਇਜਾਜ਼ਤ ਦੇ ਪੈਰੋਲ ਜਾਂ ਫਰਲੋ ਨਹੀਂ ਦਿੱਤੀ ਜਾਣੀ ਚਾਹੀਦੀ। ਬਾਅਦ ਵਿੱਚ ਹਾਈ ਕੋਰਟ ਨੇ ਵੀ ਪੈਰੋਲ ਜਾਂ ਫਰਲੋ ਦੀ ਜ਼ਿੰਮੇਵਾਰੀ ਸੂਬਾ ਸਰਕਾਰ ’ਤੇ ਛੱਡ ਦਿੱਤੀ ਸੀ।
ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਪੰਚਕੂਲਾ 'ਚ ਗ੍ਰਿਫਤਾਰ ਕਰਨ ਤੋਂ ਬਾਅਦ ਰੋਹਤਕ ਜੇਲ 'ਚ ਲਿਆਂਦਾ ਗਿਆ ਸੀ। ਬਾਅਦ ਵਿੱਚ ਸੀਬੀਆਈ ਅਦਾਲਤ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਜੇਲ੍ਹ ਵਿੱਚ ਅਦਾਲਤ ਦੀ ਸਥਾਪਨਾ ਕੀਤੀ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ 10-10 ਸਾਲ ਦੀ ਸਜ਼ਾ ਸੁਣਾਈ। ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਅਤੇ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਣਜੀਤ ਸਿੰਘ ਕਤਲ ਕੇਸ ਵਿੱਚ ਉਸ ਨੂੰ ਬਰੀ ਕਰ ਦਿੱਤਾ ਸੀ।
ਰਾਮ ਰਹੀਮ ਨੂੰ ਕਦੋਂ ਮਿਲੀ ਪੈਰੋਲ ਤੇ ਫਰਲੋ?
- 24 ਅਕਤੂਬਰ 2020: ਹਸਪਤਾਲ ਵਿੱਚ ਭਰਤੀ ਮਾਂ ਨੂੰ ਮਿਲਣ ਲਈ 1 ਦਿਨ ਦੀ ਪੈਰੋਲ
- 21 ਮਈ 2021: ਮਾਂ ਨੂੰ ਦੂਜੀ ਵਾਰ ਮਿਲਣ ਲਈ 12 ਘੰਟਿਆਂ ਦੀ ਪੈਰੋਲ।
- 7 ਫਰਵਰੀ 2022: ਪਰਿਵਾਰ ਨੂੰ ਮਿਲਣ ਲਈ 21 ਦਿਨ੍ਹਾਂ ਦੀ ਛੁੱਟੀ।
- ਜੂਨ 2022: 30 ਦਿਨ੍ਹਾਂ ਦੀ ਪੈਰੋਲ। ਯੂਪੀ ਦੇ ਬਾਗਪਤ ਆਸ਼ਰਮ ਭੇਜਿਆ ਗਿਆ।
- 14 ਅਕਤੂਬਰ 2022: 40 ਦਿਨ੍ਹਾਂ ਦੀ ਪੈਰੋਲ, ਬਾਗਪਤ ਆਸ਼ਰਮ ਵਿੱਚ ਰਹੇ। ਮਿਊਜ਼ਿਕ ਵੀਡੀਓ ਜਾਰੀ ਕੀਤਾ।
- 21 ਜਨਵਰੀ 2023: ਛੇਵੀਂ ਵਾਰ 40 ਦਿਨਾਂ ਲਈ ਪੈਰੋਲ ਮਿਲੀ। ਸ਼ਾਹ ਸਤਿਨਾਮ ਸਿੰਘ ਦੇ ਜਨਮ ਦਿਨ 'ਤੇ ਸ਼ਾਮਿਲ ਹੋਣ ਲਈ ਬਾਹਰ ਆਏ ਸਨ।
- 20 ਜੁਲਾਈ 2023: ਸੱਤਵੀਂ ਵਾਰ 30 ਦਿਨ੍ਹਾਂ ਦੀ ਪੈਰੋਲ।
- 21 ਨਵੰਬਰ 2023: 21 ਦਿਨ੍ਹਾਂ ਦੀ ਛੁੱਟੀ।
- 19 ਜਨਵਰੀ 2024: 50 ਦਿਨਾਂ ਲਈ ਫਰਲੋ 'ਤੇ ਬਾਹਰ ਆਇਆ।
- 13 ਅਗਸਤ 2024: 21 ਦਿਨ੍ਹਾਂ ਦੀ ਛੁੱਟੀ।