ਨਵੀਂ ਦਿੱਲੀ— ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੀ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਖਿਲਾਫ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕੀਤੀ ਗਈ 'ਅਸ਼ਲੀਲ' ਟਿੱਪਣੀ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ। ਮਹੂਆ ਮੋਇਤਰਾ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 79 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਦਿੱਲੀ ਪੁਲਿਸ ਨੇ ਮਾਈਕ੍ਰੋ ਬਲਾਗਿੰਗ ਸਾਈਟ 'ਐਕਸ' ਤੋਂ ਰੇਖਾ ਸ਼ਰਮਾ 'ਤੇ ਮਹੂਆ ਦੁਆਰਾ ਕੀਤੀ ਗਈ ਅਸ਼ਲੀਲ ਟਿੱਪਣੀ ਨਾਲ ਜੁੜੀ ਜਾਣਕਾਰੀ ਵੀ ਮੰਗੀ ਹੈ। ਦਰਅਸਲ, ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਮੋਇਤਰਾ ਖ਼ਿਲਾਫ਼ ਅਪਸ਼ਬਦ ਬੋਲਣ ਦੇ ਦੋਸ਼ ਹੇਠ ਐਫਆਈਆਰ ਦਰਜ ਕਰਨ ਦੀ ਮੰਗ ਵੀ ਕੀਤੀ ਗਈ। ਹੁਣ ਦਿੱਲੀ ਪੁਲਿਸ ਨੇ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਨੂੰ ਲੈ ਕੇ NCW ਵੱਲੋਂ ਇੱਕ ਪੋਸਟ ਵੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਅਸ਼ਲੀਲ ਟਿੱਪਣੀਆਂ ਅਪਮਾਨਜਨਕ ਹਨ ਅਤੇ ਇਹ ਔਰਤ ਦੇ ਸਨਮਾਨ ਨਾਲ ਜੀਣ ਦੇ ਅਧਿਕਾਰ ਦੀ ਉਲੰਘਣਾ ਹੈ। ਕਮਿਸ਼ਨ ਨੇ ਪਾਇਆ ਕਿ ਇਹ ਟਿੱਪਣੀ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 79 ਅਧੀਨ ਆਉਂਦੀ ਹੈ। ਇਸ ਤੋਂ ਬਾਅਦ ਹੁਣ ਸਪੈਸ਼ਲ ਸੈੱਲ ਨੇ ਮਹੂਆ ਮੋਇਤਰਾ ਦੇ ਖਿਲਾਫ ਵੀ ਇਸ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਕੀ ਹੈ ਪੂਰਾ ਮਾਮਲਾ:ਹਾਥਰਸ ਭਗਦੜ ਦੀ ਘਟਨਾ ਤੋਂ ਬਾਅਦ ਟੀਐਮਸੀ ਸੰਸਦ ਮਹੂਆ ਮੋਇਤਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤੇ ਗਏ ਇੱਕ ਵੀਡੀਓ 'ਤੇ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਉਹ ਆਪਣੇ ਬੌਸ ਦੇ ਪਜਾਮੇ ਨੂੰ ਸੰਭਾਲਣ ਵਿੱਚ ਬਹੁਤ ਵਿਅਸਤ ਹੈ। ਮਹੂਆ ਦੀ ਟਿੱਪਣੀ NCW ਦੀ ਰੇਖਾ ਸ਼ਰਮਾ ਦੇ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਭਗਦੜ ਵਾਲੀ ਥਾਂ 'ਤੇ ਪਹੁੰਚਣ ਦੇ ਦਿਖਾਏ ਗਏ ਵੀਡੀਓ ਨਾਲ ਸਬੰਧਿਤ ਸੀ। ਹਾਲਾਂਕਿ ਇਸ ਟਿੱਪਣੀ 'ਤੇ ਹੰਗਾਮਾ ਹੋਣ ਤੋਂ ਬਾਅਦ ਮਹੂਆ ਮੋਇਤਰਾ ਨੇ ਸੋਸ਼ਲ ਮੀਡੀਆ ਸਾਈਟ ਤੋਂ ਆਪਣੀ ਪੋਸਟ ਹਟਾ ਦਿੱਤੀ ਸੀ। ਅਸਲ ਪੋਸਟ ਵਿੱਚ ਇੱਕ ਵਿਅਕਤੀ ਨੂੰ NCW ਚੇਅਰਮੈਨ ਦੇ ਪਿੱਛੇ ਇੱਕ ਛੱਤਰੀ ਫੜੀ ਚੱਲਦਾ ਦਿਖਾਇਆ ਗਿਆ ਸੀ।