ਨਵੀਂ ਦਿੱਲੀ: ਗੋਵਿੰਦਪੁਰੀ ਵਿੱਚ ਬੀਤੀ ਰਾਤ ਹੋਏ ਹੰਗਾਮੇ ਨੂੰ ਲੈ ਕੇ ਦਿੱਲੀ ਪੁਲਿਸ ਨੇ ਸੀਐੱਮ ਆਤਿਸ਼ੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਆਤਿਸ਼ੀ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ ਹੈ। ਦਿੱਲੀ ਪੁਲਿਸ ਮੁਤਾਬਕ ਆਤਿਸ਼ੀ ਦੇ ਸਮਰਥਕਾਂ ਖ਼ਿਲਾਫ਼ ਦੂਜਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੇ ਡਿਊਟੀ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨਾਲ ਦੁਰਵਿਵਹਾਰ ਕੀਤਾ। ਚੋਣ ਕਮਿਸ਼ਨ ਦਾ ਮੈਂਬਰ ਬਣ ਕੇ ਰਮੇਸ਼ ਬਿਧੂੜੀ ਦੇ ਭਤੀਜੇ ਦਾ ਰਾਹ ਰੋਕਿਆ ਗਿਆ। ਪੁਲਿਸ ਨੇ ਰਮੇਸ਼ ਬਿਧੂੜੀ ਦੇ ਭਤੀਜੇ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ।
ਸੀਐੱਮ ਆਤਿਸ਼ੀ ਨੇ ਲਗਾਏ ਇਲਜ਼ਾਮ
ਇਸ ਤੋਂ ਪਹਿਲਾਂ ਸੀਐਮ ਆਤਿਸ਼ੀ ਨੇ ਆਪਣੇ ਸੋਸ਼ਲ ਮੀਡੀਆ ਪੇਜ਼ ਐਕਸ ਉੱਤੇ ਲਿਖਿਆ ਸੀ 'ਕਾਲਕਾਜੀ ਵਿਧਾਨ ਸਭਾ 'ਚ ਰਮੇਸ਼ ਬਿਧੂੜੀ ਦੇ ਗੁੰਡੇ ਝੁੱਗੀਆਂ 'ਚ ਜਾ ਕੇ ਲੋਕਾਂ ਨੂੰ ਧਮਕੀਆਂ ਦੇ ਰਹੇ ਸਨ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਦੌਰਾਨ ਇੱਕ ਗੱਡੀ ਵੀ ਆਈ ਅਤੇ ਜਿਸ ਵਿੱਚ ਬਿਧੂੜੀ ਦੇ ਲੋਕ ਬੈਠੇ ਸਨ ਅਤੇ ਭਾਜਪਾ ਦੀ ਪ੍ਰਚਾਰ ਸਮੱਗਰੀ ਰੱਖੀ ਹੋਈ ਸੀ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲੋਕਾਂ ਨੇ ਜਾਂਚ ਦੀ ਮੰਗ ਕੀਤੀ ਪਰ ਪੁਲਿਸ ਨੇ ਕੋਈ ਜਾਂਚ ਨਹੀਂ ਕੀਤੀ ਅਤੇ ਰਮੇਸ਼ ਬਿਧੂੜੀ ਦੇ ਗੁੰਡਿਆਂ ਨੂੰ ਜਾਣ ਦਿੱਤਾ।’
‘ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ’
ਇਸ ਤੋਂ ਇਲਾਵਾ ਇੱਕ ਹੋਰ ਪੋਸਟ 'ਚ ਉਨ੍ਹਾਂ ਲਿਖਿਆ, 'ਪੁਲਿਸ ਨੇ ਅਜੇ ਤੱਕ ਤੁਗਲਕਾਬਾਦ ਦੇ ਪਿੰਡ ਵਾਸੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਇੱਕ ਸਥਾਨਕ ਲੜਕਾ ਜੋ ਵੀਡੀਓ ਬਣਾ ਰਿਹਾ ਸੀ, ਨੂੰ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ ਅਤੇ ਫੜ ਲਿਆ। ਹੁਣ ਉਹ ਵੀਡੀਓ ਬਣਾਉਣ ਵਾਲੇ ਨੂੰ ਥਾਣੇ ਦੇ ਅੰਦਰ ਕੁੱਟਿਆ ਜਾ ਰਿਹਾ ਹੈ। ਪੁਲਿਸ ਦੇ ਗੁੰਡਾ ਰਾਜ ਦੀ ਖੁੱਲ੍ਹੀ ਖੇਡ।’