ਫਤਿਹਪੁਰ: ਉੱਤਰ ਪ੍ਰਦੇਸ਼ ਦੇ ਫਤਿਹਪੁਰ 'ਚ ਰੇਲ ਹਾਦਸਾ ਵਾਪਰ ਗਿਆ, ਹਾਦਸੇ 'ਚ ਇੱਕ ਖੜ੍ਹੀ ਮਾਲ ਗੱਡੀ ਨੂੰ ਦੂਜੀ ਤੇਜ਼ ਰਫਤਾਰ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਮਾਲ ਗੱਡੀ ਦਾ ਇੰਜਣ ਅਤੇ ਗਾਰਡ ਕੋਚ ਪਟੜੀ ਤੋਂ ਉਤਰ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਹ ਹਾਦਸਾ ਅੱਜ ਸਵੇਰੇ 8 ਵਜੇ ਦੇ ਕਰੀਬ ਵਾਪਰਿਆ। ਜਾਣਕਾਰੀ ਮੁਤਾਬਿਕ ਜਿਸ ਟ੍ਰੈਕ 'ਤੇ ਹਾਦਸਾ ਹੋਇਆ ਹੈ ਉਸ 'ਤੇ ਸਿਰਫ਼ ਮਾਲ ਗੱਡੀਆਂ ਹੀ ਚੱਲਦੀਆਂ ਹਨ। ਇਸ ਹਾਦਸੇ ਵਿੱਚ ਦੋਵੇਂ ਮਾਲ ਗੱਡੀਆਂ ਦੇ ਡਰਾਈਵਰ ਜ਼ਖ਼ਮੀ ਹੋ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਤੇਜ਼ ਰਫਤਾਰ ਗੱਡੀ ਨੇ ਮਾਰੀ ਟੱਕਰ
ਦੱਸਣਯੋਗ ਹੈ ਕਿ ਰੇਲ ਮੰਤਰਾਲੇ ਦੇ ਅਧੀਨ ਇੱਕ ਕੰਪਨੀ ਡੀਐਫਸੀਸੀਆਈਐਲ (ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ) ਦੁਆਰਾ ਬਣਾਏ ਗਏ ਟ੍ਰੈਕ 'ਤੇ ਇੱਕ ਮਾਲ ਗੱਡੀ ਖੜ੍ਹੀ ਸੀ। ਸਿਗਨਲ ਲਾਲ ਸੀ, ਇਸ ਦੌਰਾਨ ਕਾਨਪੁਰ-ਫਤਿਹਪੁਰ ਵਿਚਕਾਰ ਖਾਗਾ ਨੇੜੇ ਪੰਭੀਪੁਰ 'ਤੇ ਪਿੱਛੇ ਤੋਂ ਤੇਜ਼ ਰਫਤਾਰ ਨਾਲ ਆ ਰਹੀ ਇੱਕ ਹੋਰ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਖੜ੍ਹੀ ਮਾਲ ਗੱਡੀ ਦਾ ਇੰਜਣ ਅਤੇ ਗਾਰਡ ਕੋਚ ਪਟੜੀ ਤੋਂ ਉਤਰ ਕੇ ਰੇਲਵੇ ਲਾਈਨ ਦੇ ਕਿਨਾਰੇ ਆ ਗਏ।
ਬਦਲੇ ਗਏ ਮਾਲ ਗੱਡੀਆਂ ਦੇ ਰੂਟ
ਜਾਣਕਾਰੀ ਮੁਤਾਬਕ ਜਿਸ ਟ੍ਰੈਕ 'ਤੇ ਇਹ ਹਾਦਸਾ ਹੋਇਆ, ਉਸ 'ਤੇ ਸਿਰਫ਼ ਮਾਲ ਗੱਡੀਆਂ ਹੀ ਚੱਲਦੀਆਂ ਹਨ। ਇਸ ਲਈ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਨਾਲ ਹੀ ਯਾਤਰੀ ਟਰੇਨਾਂ 'ਤੇ ਕੋਈ ਅਸਰ ਨਹੀਂ ਹੋਇਆ ਪਰ ਹਾਦਸੇ ਕਾਰਨ ਵਪਾਰਕ ਕੋਰੀਡੋਰ 'ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਕਈ ਮਾਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਕੁਝ ਦੇ ਰੂਟ ਬਦਲ ਦਿੱਤੇ ਗਏ ਹਨ। ਰੇਲਵੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸਾ ਕਿਵੇਂ ਅਤੇ ਕਿਨ੍ਹਾਂ ਹਾਲਾਤਾਂ 'ਚ ਵਾਪਰਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ।