ਨਵੀਂ ਦਿੱਲੀ :ਦਿੱਲੀ ਵਿਧਾਨ ਸਭਾ ਚੋਣਾਂ 'ਚ ਇਤਿਹਾਸਿਕ ਜਿੱਤ ਨਾਲ ਭਾਜਪਾ 27 ਸਾਲਾਂ ਬਾਅਦ ਸੱਤਾ 'ਚ ਵਾਪਸੀ ਹੋਈ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਦਿੱਲੀ ਵਿੱਚ 13 ਸਾਲ ਦੇ ਸ਼ਾਸਨ ਤੋਂ ਬਾਅਦ ਸੱਤਾ ਤੋਂ ਬਾਹਰ ਹੋ ਗਈ। ਅਰਵਿੰਦ ਕੇਜਰੀਵਾਲ ਸਮੇਤ 'ਆਪ' ਦੇ ਕਈ ਸੀਨੀਅਰ ਆਗੂ ਹਾਰ ਗਏ ਹਨ। ਇਨ੍ਹਾਂ ਵਿੱਚ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਸੌਰਭ ਭਾਰਦਵਾਜ ਸ਼ਾਮਿਲ ਹਨ।
ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਦਾ ਮੁੱਖ ਕਾਰਨ ਭ੍ਰਿਸ਼ਟਾਚਾਰ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਦੋਸ਼ਾਂ ਨੂੰ ਦੱਸਿਆ ਜਾਂਦਾ ਹੈ। ਦਿੱਲੀ ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਹਾਰ ਪਿੱਛੇ ਸਿਆਸੀ ਵਿਸ਼ਲੇਸ਼ਕਾਂ ਨੇ ਕਈ ਹੋਰ ਕਾਰਨ ਵੀ ਦੱਸੇ ਹਨ।
'ਆਪ'-ਕਾਂਗਰਸ ਵਿਚਾਲੇ ਕੋਈ ਗਠਜੋੜ ਨਾ ਹੋਣਾ
ਦਿੱਲੀ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਸਨ, ਪਰ ਉਸ ਨੂੰ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ 'ਆਪ' ਅਤੇ ਕਾਂਗਰਸ ਵੱਲੋਂ ਵੱਖਰੇ ਤੌਰ 'ਤੇ ਚੋਣ ਲੜਨ ਕਾਰਨ ਨਤੀਜੇ ਪ੍ਰਭਾਵਿਤ ਹੋਏ ਹਨ। ਭਾਵੇਂ 65 ਸੀਟਾਂ 'ਤੇ ਕਾਂਗਰਸੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ, ਪਰ ਫਿਰ ਵੀ ਇਸ ਨਾਲ 'ਆਪ' ਨੂੰ ਨੁਕਸਾਨ ਹੋਇਆ ਹੈ।
ਭ੍ਰਿਸ਼ਟਾਚਾਰ ਦੇ ਦੋਸ਼
ਮਾਹਿਰਾਂ ਦਾ ਮੰਨਣਾ ਹੈ ਕਿ ਕਥਿਤ ਸ਼ਰਾਬ ਘੁਟਾਲੇ ਅਤੇ 'ਸ਼ੀਸ਼ਮਹਿਲ' ਦੇ ਦੋਸ਼ਾਂ ਨੇ ਲੋਕਾਂ ਵਿਚ ਅਰਵਿੰਦ ਕੇਜਰੀਵਾਲ ਦਾ ਅਕਸ ਖਰਾਬ ਕੀਤਾ ਹੈ। ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਪ੍ਰਮੁੱਖ ਆਗੂ ਵੀ ਜੇਲ੍ਹ ਗਏ ਹਨ। ਕੇਜਰੀਵਾਲ ਇਨ੍ਹਾਂ ਦੋਸ਼ਾਂ ਦਾ ਜ਼ੋਰਦਾਰ ਬਚਾਅ ਨਹੀਂ ਕਰ ਸਕੇ। ਇਸ ਦੇ ਨਾਲ ਹੀ ਭਾਜਪਾ ਇਸ ਦਾ ਲਾਹਾ ਲੈਣ ਵਿੱਚ ਸਫਲ ਰਹੀ।
ਵਿਕਾਸ ਦਾ ਮੁੱਦਾ
ਦਿੱਲੀ ਵਿੱਚ ਸਰਕਾਰ ਬਣਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਜਨਤਾ ਲਈ ਮੁਫ਼ਤ ਸਕੀਮਾਂ ਦੀ ਲੜੀ ਸ਼ੁਰੂ ਕੀਤੀ। ਆਮ ਆਦਮੀ ਪਾਰਟੀ ਨੇ ਸ਼ੁਰੂ ਵਿੱਚ ਮੁਫ਼ਤ ਬਿਜਲੀ, ਔਰਤਾਂ ਲਈ ਮੁਫ਼ਤ ਬੱਸ ਯਾਤਰਾ ਅਤੇ ਹੋਰ ਪਹਿਲਕਦਮੀਆਂ ਰਾਹੀਂ ਜਨਤਕ ਸਮਰਥਨ ਹਾਸਿਲ ਕੀਤਾ। ਹਾਲਾਂਕਿ, ਪਾਰਟੀ ਪਿਛਲੇ 12 ਸਾਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸੜਕਾਂ ਦੀ ਮੁਰੰਮਤ ਵੱਲ ਉਚਿਤ ਧਿਆਨ ਦੇਣ ਵਿੱਚ ਅਸਫਲ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਦਿੱਲੀ ਭਰ ਵਿੱਚ ਸੜਕਾਂ ਅਤੇ ਸੀਵਰਾਂ ਦੀ ਮਾੜੀ ਹਾਲਤ ਕਾਰਨ ਵੋਟਰਾਂ ਵਿੱਚ ਨਾਰਾਜ਼ਗੀ ਸੀ। ਹਾਲਾਂਕਿ, ਲੋਕਾਂ ਨੂੰ ਉਮੀਦ ਸੀ ਕਿ 'ਆਪ' ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) 'ਤੇ ਕਬਜ਼ਾ ਕਰਨ ਤੋਂ ਬਾਅਦ ਇਨ੍ਹਾਂ ਮੁੱਦਿਆਂ 'ਤੇ ਜ਼ਿਆਦਾ ਧਿਆਨ ਦੇਵੇਗੀ।
'ਆਪ' ਆਗੂਆਂ ਦਾ ਪਾਰਟੀ ਤੋਂ ਮੋਹ ਭੰਗ
ਪਿਛਲੇ ਕੁਝ ਮਹੀਨਿਆਂ ਵਿੱਚ ‘ਆਪ’ ਦੇ ਕਈ ਸੀਨੀਅਰ ਆਗੂ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਪਾਰਟੀ ਦਾ ਜਥੇਬੰਦਕ ਢਾਂਚਾ ਅਤੇ ਲੋਕਾਂ ਵਿਚ ਅਰਵਿੰਦ ਕੇਜਰੀਵਾਲ ਅਤੇ 'ਆਪ' ਦੋਵਾਂ ਦਾ ਅਕਸ ਕਮਜ਼ੋਰ ਹੋਇਆ, ਕਿਉਂਕਿ ਇਨ੍ਹਾਂ ਆਗੂਆਂ ਨੇ ਕੇਜਰੀਵਾਲ 'ਤੇ 'ਤਾਨਾਸ਼ਾਹੀ' ਸ਼ੈਲੀ ਦਾ ਦੋਸ਼ ਲਾਇਆ। ਚੋਣਾਂ ਤੋਂ ਪਹਿਲਾਂ ਦਿੱਲੀ ਦੇ ਸਾਬਕਾ ਮੰਤਰੀ ਕੈਲਾਸ਼ ਗਹਿਲੋਤ ਵਰਗੇ ਸੀਨੀਅਰ ਆਗੂਆਂ ਦੇ ਅਸਤੀਫ਼ੇ ਨੇ ਵੀ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਸੀ ਕਿਉਂਕਿ ਇਸ ਨਾਲ ਪਾਰਟੀ ਅੰਦਰਲਾ ਆਪਸੀ ਕਲੇਸ਼ ਉਜਾਗਰ ਹੋ ਗਿਆ ਸੀ।
ਭਾਜਪਾ ਨੇ ਕੇਜਰੀਵਾਲ 'ਤੇ ਸਾਧਿਆ ਨਿਸ਼ਾਨਾ
ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਪ੍ਰਚਾਰ ਦੌਰਾਨ ਭਾਜਪਾ ਨੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਸਰਕਾਰ 'ਤੇ ਸਿੱਧੇ ਹਮਲੇ ਕੀਤੇ। ਭਗਵਾ ਪਾਰਟੀ ਨੇ ਇਸ ਵਾਰ ਹਿੰਦੂਤਵ ਦੇ ਮੁੱਦੇ 'ਤੇ ਜ਼ੋਰ ਨਹੀਂ ਦਿੱਤਾ, ਕਿਉਂਕਿ ਉਹ ਇਸ ਮੁੱਦੇ ਨੂੰ ਦੂਜੇ ਰਾਜਾਂ ਵਿਚ ਆਪਣੀ ਮੁਹਿੰਮ ਵਿਚ ਸ਼ਾਮਿਲ ਕਰਦੀ ਰਹੀ ਹੈ।