ਨਵੀਂ ਦਿੱਲੀ/ਨੋਇਡਾ: ਦਿੱਲੀ-ਐਨਸੀਆਰ ਦੇ ਕਈ ਸਕੂਲਾਂ ਨੂੰ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪਹਿਲਾਂ ਪੂਰਬੀ ਦਿੱਲੀ ਦੇ ਮਯੂਰ ਵਿਹਾਰ ਫੇਜ਼ 1 ਵਿੱਚ ਸਥਿਤ ਸਕੂਲ ਨੂੰ ਧਮਕੀ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਅਲਰਟ ਮੋਡ 'ਚ ਆ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਿਕ ਦਿੱਲੀ ਦੇ ਮਯੂਰ ਵਿਹਾਰ ਫੇਜ਼ 1 ਸਥਿਤ ਐਲਕਨ ਪਬਲਿਕ ਸਕੂਲ ਨੂੰ ਸ਼ੁੱਕਰਵਾਰ ਸਵੇਰੇ ਬੰਬ ਦੀ ਧਮਕੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਘਰ ਵਾਪਸ ਭੇਜ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਦਿੱਲੀ ਅਤੇ ਨੋਇਡਾ ਦੇ ਸਕੂਲਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਦੂਜੇ ਪਾਸੇ ਨੋਇਡਾ ਦੇ ਸ਼ਿਵ ਨਾਦਰ ਸਕੂਲ ਨੂੰ ਵੀ ਈ-ਮੇਲ ਰਾਹੀਂ ਧਮਕੀ ਦਿੱਤੀ ਗਈ ਹੈ। ਡੀਸੀਪੀ ਨੋਇਡਾ ਰਾਮ ਬਦਨ ਸਿੰਘ ਨੇ ਦੱਸਿਆ ਕਿ ਸ਼ਿਵ ਨਾਦਰ ਸਕੂਲ ਵਿੱਚ ਸਪੈਮ ਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਥਾਣਾ ਐਕਸਪ੍ਰੈਸ ਵੇਅ ਪੁਲਿਸ ਟੀਮ, ਬੰਬ ਸਕੁਐਡ, ਫਾਇਰ ਬ੍ਰਿਗੇਡ, ਡੌਗ ਸਕੁਐਡ ਅਤੇ ਬੀਡੀਡੀਐਸ ਟੀਮ ਵੱਲੋਂ ਹਰ ਥਾਂ ਤੁਰੰਤ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਈ-ਮੇਲ ਸਬੰਧੀ ਸਾਈਬਰ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।