ਨਵੀਂ ਦਿੱਲੀ:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਵਰਕਰਾਂ ਵੱਲੋਂ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ’ਤੇ ਹਮਲੇ ਕੀਤੇ ਜਾ ਰਹੇ ਹਨ। ਕੇਜਰੀਵਾਲ ਨੇ ਐਤਵਾਰ ਨੂੰ ਇਸ ਸਬੰਧੀ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਕੇਜਰੀਵਾਲ ਨੇ ਮੁੱਖ ਚੋਣ ਕਮਿਸ਼ਨਰ ਅਤੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਪਾਰਟੀ ਵਰਕਰਾਂ 'ਤੇ ਹਮਲਿਆਂ ਅਤੇ ਪੁਲਿਸ ਦੁਆਰਾ ਕਥਿਤ ਤੌਰ 'ਤੇ ਪਰੇਸ਼ਾਨ ਕਰਨ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
'ਆਪ' ਵਰਕਰ ਨੂੰ ਝੂਠੇ ਕੇਸ 'ਚ ਫਸਾਇਆ
ਕੇਜਰੀਵਾਲ ਨੇ ਪੱਤਰ 'ਚ ਕੁਝ ਮੰਗਾਂ ਵੀ ਕੀਤੀਆਂ ਹਨ। ਪੱਤਰ ਵਿੱਚ ਕੇਜਰੀਵਾਲ ਨੇ ਲਿਖਿਆ ਕਿ ਨਵੀਂ ਦਿੱਲੀ ਵਿਧਾਨ ਸਭਾ ਵਿੱਚ ਆਜ਼ਾਦ ਚੋਣ ਨਿਗਰਾਨ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ। ਚੋਣ ਕਮਿਸ਼ਨ ਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਹਮਲਾ ਕਰਨ ਵਾਲੇ ਭਾਜਪਾ ਵਰਕਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। 27 ਜਨਵਰੀ ਨੂੰ ਤਿਲਕ ਮਾਰਗ ਥਾਣਾ ਪੁਲਸ ਨੇ ਕਥਿਤ ਤੌਰ 'ਤੇ ਚੇਤਨ ਨਾਂ ਦੇ 'ਆਪ' ਵਰਕਰ ਨੂੰ ਝੂਠੇ ਕੇਸ 'ਚ ਫਸਾਇਆ, ਉਸ ਨੂੰ ਹਿਰਾਸਤ 'ਚ ਲੈ ਕੇ ਇੰਨਾ ਤਸ਼ੱਦਦ ਕੀਤਾ ਕਿ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ।
'ਆਪ' ਵਰਕਰ ਨੂੰ ਧਮਕੀ
ਪੱਤਰ 'ਚ ਉਨ੍ਹਾਂ ਲਿਖਿਆ ਕਿ ਇਸੇ ਤਰ੍ਹਾਂ ਵਲੰਟੀਅਰ ਓਮਪ੍ਰਕਾਸ਼ ਨੂੰ ਥਾਣੇ ਬੁਲਾ ਕੇ ਨਾਜਾਇਜ਼ ਹਿਰਾਸਤ 'ਚ ਲਿਆ ਗਿਆ ਅਤੇ ਗਲਤ ਤਰੀਕੇ ਨਾਲ ਮਾਮਲਾ ਦਰਜ ਕੀਤਾ ਗਿਆ। ਬੰਟੀ ਨਾਂ ਦੇ 'ਆਪ' ਵਰਕਰ ਨੂੰ ਭਾਜਪਾ ਦੇ ਇਕ ਵਰਕਰ ਨੇ ਧਮਕਾਇਆ ਅਤੇ ਬਾਅਦ 'ਚ ਨਾਜਾਇਜ਼ ਪੁਲਸ ਹਿਰਾਸਤ 'ਚ ਰੱਖਿਆ।
ਕਿਦਵਈ ਨਗਰ 'ਚ ਰਾਜਾ ਨਾਂ ਦੇ 'ਆਪ' ਵਰਕਰ ਨੂੰ ਥੱਪੜ ਮਾਰਿਆ ਗਿਆ ਅਤੇ ਉਸ ਦੀ ਪ੍ਰਚਾਰ ਸਮੱਗਰੀ ਖੋਹ ਲਈ ਗਈ। ਤੁਗਲਕ ਲੇਨ ਝੁੱਗੀ 'ਚ 'ਆਪ' ਵਰਕਰ ਉਮੇਸ਼ ਨੂੰ ਧਮਕੀ ਮਿਲੀ ਹੈ ਕਿ ਚੋਣਾਂ ਤੋਂ ਬਾਅਦ ਦੇਖਿਆ ਜਾਵੇਗਾ। ਸਾਂਗਲੀ ਮੈੱਸ 'ਚ ਵਪਾਰੀਆਂ ਨੂੰ ਧਮਕੀ ਦਿੱਤੀ ਗਈ ਕਿ 'ਆਪ' ਤੋਂ ਦੂਰੀ ਬਣਾਈ ਰੱਖਣ ਲਈ ਉਨ੍ਹਾਂ ਦੀਆਂ ਦੁਕਾਨਾਂ ਨੂੰ ਢਾਹ ਦਿੱਤਾ ਜਾਵੇਗਾ। 18 ਜਨਵਰੀ ਨੂੰ ਲਾਲ ਬਹਾਦੁਰ ਸਦਨ, ਗੋਲ ਮਾਰਕੀਟ ਵਿਖੇ ਅਰਵਿੰਦ ਕੇਜਰੀਵਾਲ ਦੇ ਕਾਫਲੇ 'ਤੇ ਹਮਲਾ ਹੋਇਆ ਸੀ।
ਭਾਜਪਾ ਹਿੰਸਾ ਦੇ ਆਧਾਰ 'ਤੇ ਜਿੱਤਣਾ ਚਾਹੁੰਦੀ ਹੈ ਚੋਣਾਂ
ਤੁਹਾਨੂੰ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ 1 ਫਰਵਰੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਕੀਤੀ ਸੀ। ਇਸ ਪੋਸਟ ਰਾਹੀਂ ਬੀਜੇਪੀ 'ਤੇ ਇਲਜ਼ਾਮ ਲਗਾਏ। ਪੋਸਟ ਵਿੱਚ ਲਿਖਿਆ ਗਿਆ ਸੀ ਕਿ ਭਾਜਪਾ ਦੇ ਗੁੰਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣ ਲਈ ਲਗਾਤਾਰ ਜਾਨਲੇਵਾ ਹਮਲੇ ਕਰ ਰਹੇ ਹਨ। ਪੱਤਰਕਾਰਾਂ 'ਤੇ ਵੀ ਹਮਲੇ ਹੋ ਰਹੇ ਹਨ। ਭਾਜਪਾ ਹਿੰਸਾ ਦੇ ਆਧਾਰ 'ਤੇ ਚੋਣਾਂ ਜਿੱਤਣਾ ਚਾਹੁੰਦੀ ਹੈ, ਪਰ ਦਿੱਲੀ ਦੇ ਲੋਕ ਪੜ੍ਹੇ-ਲਿਖੇ ਅਤੇ ਸੂਝਵਾਨ ਹਨ, ਉਹ ਝਾੜੂ ਦਾ ਬਟਨ ਦਬਾ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਰਾਉਣਗੇ।
ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਅਰਵਿੰਦ ਕੇਜਰੀਵਾਲ ਚੌਥੀ ਵਾਰ ਚੋਣ ਲੜ ਰਹੇ ਹਨ। ਉਨ੍ਹਾਂ ਦੇ ਸਾਹਮਣੇ ਭਾਜਪਾ ਦੇ ਪ੍ਰਵੇਸ਼ ਵਰਮਾ ਅਤੇ ਕਾਂਗਰਸ ਦੇ ਸੰਦੀਪ ਦੀਕਸ਼ਿਤ ਹਨ। ਇਸ ਸੀਟ 'ਤੇ ਤਿਕੋਣਾ ਮੁਕਾਬਲਾ ਹੋਣ ਦੀ ਉਮੀਦ ਹੈ। ਤਿੰਨੋਂ ਪਾਰਟੀਆਂ ਦੇ ਉਮੀਦਵਾਰ ਆਪਣੀ ਜਿੱਤ ਯਕੀਨੀ ਹੋਣ ਦਾ ਦਾਅਵਾ ਕਰ ਰਹੇ ਹਨ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ 5 ਫਰਵਰੀ ਨੂੰ ਚੋਣਾਂ ਹੋਣੀਆਂ ਹਨ। 70 ਵਿਧਾਨ ਸਭਾ ਸੀਟਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।