ਪੱਛਮੀ ਬੰਗਾਲ/ਕਾਲੀਗੰਜ: ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਚਾਂਦਪੁਰ ਪਿੰਡ ਵਿੱਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਵਿੱਚ ਇੱਕ ਭਾਜਪਾ ਵਰਕਰ ਦੀ ਮੌਤ ਹੋ ਗਈ। ਦੋਸ਼ ਹੈ ਕਿ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਵਰਕਰਾਂ ਨੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਉਸ ਦਾ ਸਿਰ ਸਰੀਰ ਤੋਂ ਵੱਖ ਕਰ ਦਿੱਤਾ ਗਿਆ। ਨਾਦੀਆ ਤੋਂ ਭਾਜਪਾ ਉਮੀਦਵਾਰ ਅੰਮ੍ਰਿਤਾ ਰਾਏ ਨੇ ਇਲਜ਼ਾਮ ਲਾਇਆ ਕਿ ਹਾਲ ਹੀ 'ਚ ਭਾਜਪਾ 'ਚ ਸ਼ਾਮਲ ਹੋਏ ਹਫੀਜ਼ੁਲ ਸ਼ੇਖ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਆਪਣੇ ਦੋਸਤਾਂ ਨਾਲ ਕੈਰਮ ਖੇਡ ਰਿਹਾ ਸੀ।
ਬੰਬਾਂ ਨਾਲ ਕੀਤਾ ਹਮਲਾ: ਮ੍ਰਿਤਕ ਦੇ ਭਰਾ ਜੈਨ ਉੱਦੀਨ ਮੁੱਲਾ ਨੇ ਕਿਹਾ, 'ਮੇਰੇ ਭਰਾ ਨੂੰ ਭਾਜਪਾ 'ਚ ਸ਼ਾਮਲ ਹੋਣ ਦੀ ਕੀਮਤ ਚੁਕਾਉਣੀ ਪਈ। ਸਾਡੇ ਪਰਿਵਾਰ ਦੇ ਮੈਂਬਰ ਸੀ.ਪੀ.ਐਮ ਦੇ ਵਫ਼ਾਦਾਰ ਸਨ। ਜਦੋਂ ਤੋਂ ਅਸੀਂ ਭਗਵਾ ਪਾਰਟੀ ਵਿੱਚ ਸ਼ਾਮਲ ਹੋਏ ਹਾਂ, ਸਾਨੂੰ ਟੀਐਮਸੀ ਵਾਲਿਆਂ ਵੱਲੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਇੱਥੇ ਆ ਕੇ ਮੇਰੇ ਭਰਾ ਨੂੰ ਦੋ ਵਾਰ ਗੋਲੀ ਮਾਰ ਦਿੱਤੀ ਅਤੇ ਫਿਰ ਉਸ ਦਾ ਸਿਰ ਵੱਢ ਕੇ ਲੈ ਗਏ। ਇਹ ਕਤਲ ਦਿਨ ਦਿਹਾੜੇ ਹੋਇਆ ਹੈ। ਇਸ ਤੋਂ ਬਾਅਦ ਟੀਐਮਸੀ ਦੇ ਗੁੰਡੇ ਹੋਰ ਭਾਜਪਾ ਵਰਕਰਾਂ ਦੇ ਘਰ ਗਏ ਅਤੇ ਉਨ੍ਹਾਂ ਦੇ ਘਰਾਂ 'ਤੇ ਬੰਬਾਂ ਨਾਲ ਹਮਲਾ ਕਰ ਦਿੱਤਾ।