ਚੇਨਈ:ਤਾਮਿਲਨਾਡੂ ਭਾਜਪਾ ਪ੍ਰਧਾਨ ਕੇ. ਅੰਨਾਮਾਲਾਈ ਨੇ ਵੀਰਵਾਰ ਨੂੰ ਕਿਹਾ ਕਿ ਉਹ ਉਦੋਂ ਤੱਕ ਜੁੱਤੀ ਨਹੀਂ ਪਹਿਨਣਗੇ ਜਦੋਂ ਤੱਕ ਡੀਐਮਕੇ ਨੂੰ ਸੱਤਾ ਤੋਂ ਬਾਹਰ ਨਹੀਂ ਕੀਤਾ ਜਾਂਦਾ। ਉਨ੍ਹਾਂ ਇਹ ਐਲਾਨ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਨਾਲ ਕਈ ਸਮਰਥਕ ਆਗੂ ਵੀ ਮੌਜੂਦ ਸਨ।
ਅੰਨਾਮਾਲਾਈ ਨੇ ਡੀਐਮਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਅੰਨਾ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ, ਪਰ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਨਹੀਂ ਕੀਤੀ। ਉਹ ਇਸ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਰੋਸ ਪ੍ਰਦਰਸ਼ਨ ਕਰਨਗੇ। ਭਾਜਪਾ ਨੇਤਾ ਅੰਨਾਮਾਲਾਈ ਨੇ ਕਿਹਾ ਕਿ ਉਹ ਸ਼ੁੱਕਰਵਾਰ ਤੋਂ ਜੁੱਤੀਆਂ ਛੱਡਣ ਜਾ ਰਹੇ ਹਨ, ਅਤੇ ਇਹ ਵੀ ਕਿਹਾ ਕਿ ਉਹ ਉਦੋਂ ਤੱਕ ਕੋਈ ਜੁੱਤੀ ਨਹੀਂ ਪਹਿਨਣਗੇ ਜਦੋਂ ਤੱਕ ਡੀਐਮਕੇ ਨੂੰ ਸੱਤਾ ਤੋਂ ਬਾਹਰ ਨਹੀਂ ਕੀਤਾ ਜਾਂਦਾ। ਅੰਨਾਮਲਾਈ ਨੂੰ ਫਾਇਰ ਬ੍ਰਾਂਡ ਲੀਡਰ ਮੰਨਿਆ ਜਾਂਦਾ ਹੈ।
ਭਾਜਪਾ ਆਗੂ ਨੇ ਇਲਜ਼ਾਮ ਲਾਇਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਡੀਐਮਕੇ ਦਾ ਵਰਕਰ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਗਣਸ਼ੇਖਰਨ ਸੈਦਈ ਈਸਟ 'ਚ ਡੀਐੱਮਕੇ ਦੇ ਵਿਦਿਆਰਥੀ ਵਿੰਗ ਦਾ ਨੇਤਾ ਹੈ। ਅੰਨਾਮਾਲਾਈ ਨੇ ਕਿਹਾ ਕਿ ਜੇਕਰ ਦੋਸ਼ੀ ਡੀ.ਐੱਮ.ਕੇ. ਦਾ ਵਰਕਰ ਹੈ ਤਾਂ ਪੁਲਿਸ ਉਸ ਖਿਲਾਫ ਕਾਰਵਾਈ ਨਹੀਂ ਕਰਦੀ ਜਾਂ ਕਾਰਵਾਈ ਕਰਦੀ ਵੀ ਹੈ ਤਾਂ ਇਹ ਮੱਠੀ ਪੈ ਜਾਂਦੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਪੁਲੀਸ ਨੇ ਯੂਨੀਵਰਸਿਟੀ ਕੇਸ ਵਿੱਚ ਮੁਲਜ਼ਮ ਨੂੰ ਵਾਚਲਿਸਟ ਵਿੱਚ ਵੀ ਨਹੀਂ ਰੱਖਿਆ ਹੈ, ਕਿਉਂਕਿ ਪੁਲਿਸ ’ਤੇ ਉਸ ਖ਼ਿਲਾਫ਼ ਕਾਰਵਾਈ ਨਾ ਕਰਨ ਲਈ ਉਪਰੋਂ ਦਬਾਅ ਪਾਇਆ ਜਾ ਰਿਹਾ ਹੈ। ਹਾਲਾਂਕਿ ਡੀਐਮਕੇ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ।
ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਕਈ ਵਾਰ ਅਜਿਹੇ ਭਾਸ਼ਣ ਦਿੱਤੇ ਸਨ, ਜਿਨ੍ਹਾਂ ਦੀ ਮੀਡੀਆ 'ਚ ਕਈ ਵਾਰ ਚਰਚਾ ਹੋਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਇਕ ਜਨਤਕ ਮੰਚ ਤੋਂ ਅੰਨਾਮਾਲਾਈ ਦੀ ਤਾਰੀਫ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਸਮਰਪਣ ਪ੍ਰਭਾਵਸ਼ਾਲੀ ਸੀ।