ਨਵੀਂ ਦਿੱਲੀ:ਦਿੱਲੀ ਵਿਧਾਨ ਸਭਾ ਦਾ ਸੈਸ਼ਨ ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ 'ਚ ਨੰਬਰ ਇਕ ਨੇਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਵਿਧਾਨ ਸਭਾ 'ਚ ਨੰਬਰ ਇਕ ਸੀਟ 'ਤੇ ਨਹੀਂ ਬੈਠਣਗੇ। ਹੁਣ ਸੀਐਮ ਆਤਿਸ਼ੀ ਪਹਿਲੀ ਸੀਟ 'ਤੇ ਬੈਠਣਗੇ। ਉਥੇ ਹੀ ਕੇਜਰੀਵਾਲ ਸੀਟ ਨੰਬਰ 41 'ਤੇ ਬੈਠਣਗੇ। ਸੀਟ ਨੰਬਰ 40 'ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬੈਠਣਗੇ। ਵਿਧਾਨ ਸਭਾ ਮੈਂਬਰਾਂ ਦੇ ਬੈਠਣ ਦੀ ਵਿਵਸਥਾ ਬਦਲ ਦਿੱਤੀ ਗਈ ਹੈ।
ਮੁੱਖ ਮੰਤਰੀ ਵਿਧਾਨ ਸਭਾ ਵਿਚ ਪਹਿਲੀ ਕੁਰਸੀ 'ਤੇ ਬੈਠਦੇ ਹਨ। ਦਿੱਲੀ ਸ਼ਰਾਬ ਨੀਤੀ ਘੁਟਾਲੇ ਵਿੱਚ ਸੁਪਰੀਮ ਕੋਰਟ ਤੋਂ ਸ਼ਰਤੀਆ ਜ਼ਮਾਨਤ ਮਿਲਣ ਤੋਂ ਬਾਅਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀ ਥਾਂ 'ਤੇ ਆਤਿਸ਼ੀ ਹੁਣ ਦਿੱਲੀ ਦੇ ਨਵੇਂ ਮੁੱਖ ਮੰਤਰੀ ਹਨ। ਵੀਰਵਾਰ ਯਾਨੀ 26 ਸਤੰਬਰ ਤੋਂ ਸ਼ੁਰੂ ਹੋਏ ਦਿੱਲੀ ਵਿਧਾਨ ਸਭਾ ਦੇ ਸੈਸ਼ਨ ਵਿੱਚ ਬੈਠਕ ਦੀ ਯੋਜਨਾ ਵੀ ਬਦਲ ਦਿੱਤੀ ਗਈ ਹੈ। ਆਤਿਸ਼ੀ ਪਹਿਲਾਂ ਦਿੱਲੀ ਵਿਧਾਨ ਸਭਾ ਦੀ 18ਵੀਂ ਸੀਟ 'ਤੇ ਬੈਠਦੇ ਸੀ ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਹੁਣ ਉਹ ਨੰਬਰ ਵਨ ਸੀਟ 'ਤੇ ਬੈਠਣਗੇ।
ਇਸ ਦੇ ਨਾਲ ਹੀ ਦਿੱਲੀ ਵਿਧਾਨ ਸਭਾ ਦੀ ਪਹਿਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਨੂੰ 41ਵੀਂ ਸੀਟ ਦਿੱਤੀ ਗਈ ਹੈ। ਜਦੋਂ ਕਿ ਮਨੀਸ਼ ਸਿਸੋਦੀਆ ਜੋ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸਨ। ਸ਼ਰਾਬ ਨੀਤੀ ਘਪਲੇ ਦੇ ਦੋਸ਼ 'ਚ ਲੰਬੇ ਸਮੇਂ ਤੋਂ ਜੇਲ੍ਹ 'ਚ ਸੀ। ਅਜਿਹੇ 'ਚ ਉਨ੍ਹਾਂ ਲਈ ਪਹਿਲਾਂ ਹੀ ਕੋਈ ਸੀਟ ਰਾਖਵੀਂ ਨਹੀਂ ਸੀ। ਪਰ ਉਨ੍ਹਾਂ ਨੂੰ ਸੀਟ ਨੰਬਰ 40 ਦਿੱਤੀ ਗਈ ਹੈ। ਦਿੱਲੀ ਵਿਧਾਨ ਸਭਾ 'ਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ-ਨਾਲ ਬੈਠਣਗੇ।