ਹੈਦਰਾਬਾਦ: ਤੇਲੰਗਾਨਾ ਦੇ ਮੇਡਚਲ ਵਿੱਚ ਸੀਐਮਆਰ ਇੰਜਨੀਅਰਿੰਗ ਕਾਲਜ ਦੇ ਵਿਦਿਆਰਥਣਾਂ ਨੇ ਵੀਰਵਾਰ ਨੂੰ ਕੁੜੀਆਂ ਦੇ ਹੋਸਟਲ ਦੇ ਬਾਥਰੂਮ ਵਿੱਚ ਵੀਡੀਓ ਰਿਕਾਰਡਿੰਗ ਦਾ ਇਲਜ਼ਾਮ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤਾ। ਵਿਦਿਆਰਥਣਾਂ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੀ ਬਾਥਰੂਮ ਵਿੱਚ ਗੁਪਤ ਤਰੀਕੇ ਨਾਲ ਵੀਡੀਓ ਰਿਕਾਰਡ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਕੈਂਪਸ ਵਿੱਚ ਤਣਾਅ ਵਧ ਗਿਆ।
ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਅਨੁਸਾਰ ਪਿਛਲੇ ਤਿੰਨ ਮਹੀਨਿਆਂ ਵਿੱਚ ਲੜਕੀਆਂ ਦੇ ਬਾਥਰੂਮ ਵਿੱਚ 300 ਦੇ ਕਰੀਬ ਪ੍ਰਾਈਵੇਟ ਵੀਡੀਓ ਰਿਕਾਰਡ ਕੀਤੇ ਗਏ। ਉਨ੍ਹਾਂ ਨੂੰ ਇਸ ਘਟਨਾ ਵਿੱਚ ਹੋਸਟਲ ਸਟਾਫ਼ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਵਿਦਿਆਰਥਣਾਂ ਨੇ ਕਾਲਜ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਅਤੇ ਧਰਨੇ ’ਤੇ ਬੈਠ ਗਈਆਂ।
ਮਾਮਲੇ ਦੀ ਜਾਂਚ ਜਾਰੀ
ਵਿਦਿਆਰਥਣਾਂ ਨੇ ਵੀਰਵਾਰ ਸਵੇਰੇ ਕਾਲਜ ਦੇ ਪਰਿਸਰ 'ਚ ਬੈਠ ਕੇ 'ਸਾਨੂੰ ਨਿਆਂ ਚਾਹੀਦਾ ਹੈ' ਦੇ ਨਾਅਰੇ ਲਾਏ ਗਏ। ਇਸ ਦੌਰਾਨ ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲਿਸ ਅਧਿਕਾਰੀ ਧਰਨੇ ਵਾਲੀ ਥਾਂ ’ਤੇ ਪੁੱਜੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
'ਕੁੜੀਆਂ ਦੀ ਸੁਰੱਖਿਆ ਦੀ ਮੰਗ'
ਇੱਕ ਵਿਦਿਆਰਥਣ ਦੇ ਮਾਤਾ-ਪਿਤਾ ਨੇ ਕਿਹਾ, "ਸਾਨੂੰ ਬੀਤੀ ਰਾਤ ਸਾਡੀ ਬੇਟੀ ਦਾ ਫੋਨ ਆਇਆ। ਉਹ ਰੋ ਰਹੀ ਸੀ। ਉਹ ਵੀਡੀਓ ਬਾਰੇ ਗੱਲ ਕਰ ਰਹੀ ਸੀ। ਅਸੀਂ ਆਪਣੀਆਂ ਬੇਟੀਆਂ ਦੀ ਸੁਰੱਖਿਆ ਦੀ ਮੰਗ ਕਰ ਰਹੇ ਹਾਂ। ਅਸੀਂ ਆਪਣੀਆਂ ਬੱਚੀਆਂ ਨਾਲ ਕੁਝ ਵੀ ਹੁੰਦੇ ਹੋਏ ਨਹੀਂ ਦੇਖ ਸਕਦੇ। ਅਸੀਂ ਇੱਥੇ ਪ੍ਰਬੰਧਕਾਂ ਨਾਲ ਗੱਲ ਕਰਨ ਆਏ ਹਾਂ।"
ਪੰਜ ਮੁਲਾਜ਼ਮਾਂ ਦੀ ਸ਼ਮੂਲੀਅਤ ਦਾ ਸ਼ੱਕ
ਸਹਾਇਕ ਪੁਲਿਸ ਕਮਿਸ਼ਨਰ ਸ੍ਰੀਨਿਵਾਸ ਰੈੱਡੀ ਨੇ ਮੀਡੀਆ ਨੂੰ ਦੱਸਿਆ ਕਿ ਲੜਕੀਆਂ ਨੇ ਹੋਸਟਲ ਦੇ ਬਾਥਰੂਮ ਵਿੱਚ ਪ੍ਰਾਈਵੇਟ ਵੀਡੀਓਜ਼ ਦੀ ਰਿਕਾਰਡਿੰਗ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ, "ਅਸੀਂ ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕੀਤਾ ਹੈ। ਉਨ੍ਹਾਂ ਨੂੰ ਹੋਸਟਲ ਦੇ ਪੰਜ ਸਟਾਫ ਮੈਂਬਰਾਂ ਦੀ ਸ਼ਮੂਲੀਅਤ ਦਾ ਸ਼ੱਕ ਹੈ। ਅਸੀਂ ਟਾਇਲਟ ਦੀ ਖਿੜਕੀ 'ਤੇ ਮਿਲੇ ਉਂਗਲਾਂ ਦੇ ਨਿਸ਼ਾਨਾਂ ਦੀ ਪੁਸ਼ਟੀ ਕਰ ਰਹੇ ਹਾਂ।"
ਰੈੱਡੀ ਨੇ ਅੱਗੇ ਕਿਹਾ, "ਅਸੀਂ ਪਹਿਲਾਂ ਹੀ ਪੰਜਾਂ ਸ਼ੱਕੀਆਂ ਦੇ ਫੋਨਾਂ ਦੀ ਜਾਂਚ ਕਰ ਚੁੱਕੇ ਹਾਂ, ਪਰ ਕੋਈ ਵੀਡੀਓ ਨਹੀਂ ਮਿਲਿਆ ਹੈ। ਹਾਲਾਂਕਿ, ਇਹ ਪਤਾ ਲਗਾਉਣ ਲਈ ਫੋਨ ਨੂੰ ਫੋਰੈਂਸਿਕ ਲੈਬ ਨੂੰ ਭੇਜਿਆ ਗਿਆ ਹੈ ਕਿ ਕੀ ਕੋਈ ਵੀਡੀਓ ਡਿਲੀਟ ਕੀਤੀ ਗਈ ਸੀ ਜਾਂ ਨਹੀਂ।"