ਜੰਮੂ: ਜੰਮੂ ਸ਼ਹਿਰ ਦੇ ਦਿਲ ਵਿੱਚ ਸਥਿਤ ਜਵੇਲ ਚੌਕ 'ਤੇ ਮੰਗਲਵਾਰ ਨੂੰ ਅਣਪਛਾਤੇ ਬਦਮਾਸ਼ਾਂ ਨੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੀੜਤ ਨੌਜਵਾਨ ਦੀ ਪਛਾਣ ਸਾਂਬਾ ਜ਼ਿਲ੍ਹੇ ਦੇ ਵਿਜੇਪੁਰ ਇਲਾਕੇ ਦੇ ਰਹਿਣ ਵਾਲੇ ਸੁਮਿਤ ਜੰਡਿਆਲ ਵਜੋਂ ਹੋਈ ਹੈ। ਪੁਲਿਸ ਅਨੁਸਾਰ ਘਟਨਾ ਦੁਪਹਿਰ 2:30 ਵਜੇ ਦੇ ਕਰੀਬ ਵਾਪਰੀ, ਜਦੋਂ ਇਲਾਕੇ 'ਚ ਉਡੀਕ ਕਰ ਰਹੇ ਤਿੰਨ ਹਮਲਾਵਰਾਂ ਨੇ ਜੰਡਿਆਲ 'ਤੇ ਗੋਲੀਆਂ ਚਲਾ ਦਿੱਤੀਆਂ। ਡੀਆਈਜੀ (ਜੰਮੂ-ਕਠੂਆ-ਸਾਂਬਾ ਰੇਂਜ) ਸ਼ਿਵ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਜੰਮੂ ਪੁਲਿਸ ਤੱਥਾਂ ਦਾ ਪਤਾ ਲਗਾਉਣ ਲਈ ਮੌਕੇ 'ਤੇ ਪਹੁੰਚੀ।
ਪੁਲਿਸ ਨੇ ਅੱਤਵਾਦੀ ਘਟਨਾ ਤੋਂ ਕੀਤਾ ਇਨਕਾਰ
ਏਡੀਜੀਪੀ (ਜੰਮੂ) ਆਨੰਦ ਜੈਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਦੋ ਅਪਰਾਧਿਕ ਗਰੁੱਪਾਂ ਵਿਚਾਲੇ ਗੈਂਗ ਵਾਰ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਗਟਾਰੂ ਗਰੋਹ ਦੇ ਮੈਂਬਰ ਸ਼ਾਮਲ ਸਨ। ਏਡੀਜੀਪੀ ਨੇ ਕਿਹਾ, "ਇਹ ਇੱਕ ਆਮ ਘਟਨਾ ਹੈ ਅਤੇ ਇਸ ਵਿੱਚ ਕੋਈ ਅੱਤਵਾਦੀ ਪਹਿਲੂ ਨਹੀਂ ਹੈ। ਪੀੜਤ ਦੀ ਪਛਾਣ ਸੁਮਿਤ ਜੰਡਿਆਲ ਵਜੋਂ ਹੋਈ ਹੈ, ਜਿਸ ਦੀ ਜੀਐਮਸੀ ਜੰਮੂ ਵਿਖੇ ਮੌਤ ਹੋ ਗਈ।" ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।